ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ 2 ਦਿਨ ਪਹਿਲਾਂ ਅੰਮ੍ਰਿਤਸਰ ਸਰਹੱਦ 'ਤੇ ਮਿਲੇ ਟਿਫਨ ਬੰਬ ਦੇ ਸੰਬੰਧ ਵਿੱਚ ਸੂਬੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਦੇਸ਼ ਭਰ 'ਚ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਸਿਹਤ ਮੰਤਰੀ ਨੂੰ ਵੀ ਮਿਲ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਧਾਇਕ ਰਾਜਕੁਮਾਰ ਵੇਰਕਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਰੇਸ਼ ਕੁਮਾਰ ਵੀ 2 ਦਿਨਾਂ ਦੇ ਦੌਰੇ 'ਤੇ ਹਨ।
ਮੰਤਰੀ ਮੰਡਲ ਵਿੱਚ ਵਿਸਥਾਰ ਲਈ ਹੋ ਸਕਦੀ ਹੈ ਚਰਚਾ
ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਵੀ ਮੌਜੂਦ ਸਨ। ਉੱਥੇ ਹੀ ਜਲਦੀ ਪੰਜਾਬ 'ਚ ਮੰਤਰੀ ਮੰਡਲ ਦਾ ਵਿਸਥਾਰ ਵੀ ਹੋ ਸਕਦਾ ਹੈ। ਜਿਸ ਵਿੱਚ ਬਹੁਤ ਸਾਰੇ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ, ਤਾਂ ਬਹੁਤ ਸਾਰੇ ਪੁਰਾਣੇ ਮੰਤਰੀਆਂ ਦੀ ਛੁੱਟੀ ਲਗਭਗ ਤੈਅ ਹੈ।
ਇੰਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ ?
ਸੂਤਰਾਂ ਅਨੁਸਾਰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਉਥੇ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਦੀ ਥਾਂ 'ਤੇ ਹੋਰ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਜਿਸ 'ਚ ਡਾ: ਰਾਜਕੁਮਾਰ ਵੇਰਕਾ, ਰਾਜਕੁਮਾਰ ਚੱਬੇਵਾਲ ਅਤੇ ਰਾਣਾ ਗੁਰਜੀਤ ਦੇ ਨਾਂ ਸ਼ਾਮਲ ਹਨ। ਜਦੋਂ ਕਿ ਚਰਚਾ ਹੈ ਕਿ ਮਾਝੇ ਦੇ ਬਹੁਤੇ ਮੰਤਰੀਆਂ ਨੂੰ ਹਟਾ ਕੇ, ਮਾਲਵੇ ਤੋਂ ਕਈ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ ਕਿਵੇਂ ਬਣਿਆ ਸਰਕਾਰ ਦੇ ਗਲੇ ਦੀ ਹੱਡੀ ! ਵੇਖੋ ਖਾਸ ਰਿਪੋਰਟ