ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਦਾ ਅਹੁਦਾ ਸੰਭਾਲ ਸਮਾਗਮ ਮੌਕੇ ਕਾਂਗਰਸ ਭਵਨ ਵਿੱਚ ਜੋ ਕੁਝ ਵੀ ਦੇਖਣ ਨੂੰ ਮਿਲਿਆ, ਉਸ ਤੋਂ ਬਾਅਦ ਇਹ ਸਵਾਲ ਉੱਠ ਰਹੇ ਨੇ ਕਿ, ਕੀ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਕਾਰ ਸਭ ਕੁਝ ਠੀਕ ਹੈ ਅਤੇ ਦੋਵਾਂ ਦੀ ਕੈਮਿਸਟਰੀ ਹੁਣ ਕਿਵੇਂ ਦੀ ਰਹਿਣ ਵਾਲੀ ਹੈ।
ਇਸ ਨੂੰ ਲੈ ਕੇ ਸਿਆਸੀ ਮਾਹਿਰ ਡਾ. ਪਿਆਰੇ ਲਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਇਹ ਮੰਨ ਲੈਣਾ ਚਾਹੀਦਾ ਹੈ ਕਿ ਪਾਰਟੀ 'ਚ ਬਦਲਾਅ ਦੀ ਲੋੜ ਹੈ, ਇਸ ਕਰਕੇ ਸਿੱਧੂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੀ ਭਾਸ਼ਾ ਉੱਤੇ ਕਾਬੂ ਰੱਖਣਾ ਬੇਹੱਦ ਜ਼ਰੂਰੀ ਹੈ।
ਸਿੱਧੂ ਤੇ ਕੈਪਟਨ ਦੀ ਮਿਲਣੀ ਦੇ ਨਿਕਲ ਸਕਦੇ ਕਈ ਮਾਇਨੇ
ਸਿਆਸੀ ਮਾਹਿਰ ਡਾ. ਪਿਆਰੇ ਲਾਲ ਨੇ ਕਿਹਾ ਕਿ ਸਿੱਧੂ ਦੇ ਕਾਰਜਭਾਰ ਸੰਭਾਲਣ ਸਮੇਂ ਸਾਰਿਆਂ ਨੇ ਵੇਖਿਆ ਕਿ ਕਿਵੇਂ ਦੋਵਾਂ ਨੇ ਇਕ ਦੂਜੇ ਨਾਲ ਨਜ਼ਰਾਂ ਵੀ ਨਹੀਂ ਮਿਲਾਈਆਂ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਜਦ ਦੋਵਾਂ ਦੇ ਦਿੱਲ ਨਹੀਂ ਮਿਲਦੇ ਤਾਂ ਅੱਗੇ ਕਿਵੇਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਕਦਰ ਨਹੀਂ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ 'ਚ ਰਿਹਾ ਕਿ ਜੇਕਰ ਕਿਸੇ ਨਾਲ ਮਨਿ ਮਿਟਾਵ ਹੋ ਜਾਂਦਾ ਹੈ ਤਾਂ ਉਸ ਨੂੰ ਹਰਾਉਣ ਦੀ ਸੋਚਦੇ ਹਨ, ਜਿਸ ਨਾਲ ਵਿਰੋਧੀ ਜਿੱਤ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦ ਕਿ ਹੋਣਾ ਇੰਝ ਚਾਹੀਦਾ ਕਿ ਮਨ ਮਿਟਾਵ ਦੂਰ ਕਰਕੇ ਵਿਰੋਧੀ ਹਰਾਏ ਜਾਣ। ਇਸ ਕਰਕੇ ਮੁੱਖ ਮੰਤਰੀ ਨੂੰ ਆਪਣਿਆਂ ਨੂੰ ਹਰਾਉਣ ਦੀ ਕਵਾਇਦ ਨੂੰ ਖ਼ਤਮ ਕਰਨਾ ਪਵੇਗਾ।
ਮੁੱਖ ਮੰਤਰੀ ਦਾ ਕੱਦ ਨਹੀਂ ਹੋਇਆ ਘੱਟ
ਡਾ. ਪਿਆਰੇ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ਼ਰਤ ਰੱਖੀ ਕਿ ਜਦ ਮੁਆਫ਼ੀ ਮੰਗਣਗੇ ਤਾਂ ਹੀ ਉਹ ਉਨ੍ਹਾਂ ਨੂੰ ਮਿਲਣਗੇ ਪਰ ਸਿੱਧੂ ਦੇ ਕੋਲ 62 ਵਿਧਾਇਕਾਂ ਦਾ ਸਾਥ ਸੀ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਹੁਣ ਵੀ ਆਪਣੀ ਆਕੜ ਨਹੀਂ ਛੱਡਦੇ ਤਾਂ ਕਾਂਗਰਸ ਕਿਤੇ ਨਾ ਕਿਤੇ ਪੰਜ ਛੇ ਦਿਨਾਂ ਵਿੱਚ ਇਹ ਜ਼ਰੂਰ ਹੁੰਦਾ ਕਿ ਵਿਧਾਇਕਾਂ ਨੂੰ ਬੁਲਾ ਕੇ ਮੁੱਖ ਮੰਤਰੀ ਕਿਸੇ ਹੋਰ ਨੂੰ ਚੁਣ ਦਿੰਦੀ। ਉਨ੍ਹਾਂ ਕਿਹਾ ਕਿ ਚੋਣਾਂ 'ਚ ਛੇ ਮਹੀਨੇ ਹੀ ਬਚੇ ਨੇ ਤੇ ਇਹ ਕਾਂਗਰਸ ਲਈ ਬਹੁਤ ਹੀ ਜ਼ਿਆਦਾ ਘਾਤਕ ਹੁੰਦਾ।
ਸਿੱਧੂ ਨਾ ਭੁੱਲੇ ਭਾਸ਼ਾ ਦੀ ਮਰਿਆਦਾ..
ਡਾ. ਪਿਆਰੇ ਲਾਲ ਨੇ ਕਿਹਾ ਕਿ ਅਜਿਹਾ ਨਹੀਂ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਇੱਜ਼ਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੀ ਇੱਜ਼ਤ ਕਰਦੇ ਹਨ ਪਰ ਜੇ ਕਾਂਗਰਸ ਹਾਰ ਜਾਂਦੀ ਹੈ ਤਾਂ ਉਨ੍ਹਾਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਰਹਿ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਵੀ ਆਪਣੀ ਭਾਸ਼ਾ 'ਤੇ ਕੰਟਰੋਲ ਰੱਖਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇੱਕ ਸਿਆਸਤਦਾਨ ਲਈ ਉਸਦੀ ਭਾਸ਼ਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਦੀ ਆਲੋਚਨਾ ਕਰਨਾ ਗਲਤ ਨਹੀਂ ਹੈ ਪਰ ਉਸਦੇ ਲਈ ਨਵਜੋਤ ਸਿੱਧੂ ਆਪਣੀ ਭਾਸ਼ਾ ਦਾ ਧਿਆਨ ਨਹੀਂ ਰੱਖਦੇ। ਇਸ 'ਤੇ ਵੀ ਡਾ. ਪਿਆਰੇ ਲਾਲ ਨੇ ਕਿਹਾ ਕਿ ਇਸ ਦੀ ਕਵਾਇਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2002 'ਚ ਵਿਧਾਨਸਭਾ 'ਚ ਸ਼ੁਰੂ ਕੀਤੀ ਸੀ ਜਦ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਤੂੰ ਕਹਿ ਕੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਤੇ ਰਾਜਨੀਤੀ 'ਚ ਭਾਸ਼ਾ ਦੀ ਮਰਿਆਦਾ ਨਹੀਂ ਭੁੱਲਣੀ ਚਾਹੀਦੀ ਹੈ।
ਇਕਜੁੱਟ ਹੋ ਕੇ ਚੋਣਾਂ ਲੜਨੀਆਂ ਪੈਣਗੀਆਂ
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਜੇਕਰ ਆਪਣੀ ਸਾਖ਼ ਬਚਾਉਣੀ ਹੈ ਤਾਂ ਉਨ੍ਹਾਂ ਨੂੰ ਆਪਣੇ ਸਾਰੇ ਮੱਤਭੇਦ ਤੇ ਮਨ ਮਿਟਾਵ ਭੁਲਾ ਕੇ ਇਕਜੁੱਟ ਹੋ ਕੇ ਵਿਧਾਨ ਸਭਾ ਚੋਣਾਂ ਦੇ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੁਣ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ, ਕਿਉਂਕਿ ਉਹ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਪਾਰਟੀ ਦੇ ਵਿੱਚ ਕਾਫੀ ਸੀਨੀਅਰ ਵੀ ਹਨ। ਡਾ. ਪਿਆਰੇ ਲਾਲ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਹਾਰਦੀ ਹੈ ਤਾਂ ਇਸ ਦਾ ਠੀਕਰਾ ਕੈਪਟਨ ਅਮਰਿੰਦਰ ਸਿੰਘ 'ਤੇ ਹੀ ਜਾਵੇਗਾ।
ਇਹ ਵੀ ਪੜ੍ਹੋ:ਸਿੱਧੂ ਦੀਆਂ ਮੰਤਰੀਆਂ ਤੇ ਵਿਧਾਇਕਾਂ ਨਾਲ ਸਿਆਸੀ ਮਿਲਣੀਆਂ, ਕਲੇਸ਼ ‘ਤੇ ਕੀ ਬੋਲੇ ਵਿਧਾਇਕ