ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਸ਼ਾਸਨ ਵਿੱਚ ਵੱਡਾ ਫੇਰ-ਬਦਲ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੁੱਖ ਸਕੱਤਰ ਦੇ ਅਹੁਦੇ 'ਤੇ 1987 ਬੈਚ ਦੀ ਆਈਏਐੱਸ ਅਧਿਕਾਰੀ ਵਿੰਨੀ ਮਹਾਜਨ ਨੂੰ ਤਾਇਨਾਤ ਕੀਤਾ ਹੈ। ਇਸੇ ਨਾਲ ਵਿੰਨੀ ਮਹਾਜਨ ਨੂੰ ਸੂਬੇ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਬਣਨ ਦਾ ਮਾਣ ਵੀ ਹਾਸਲ ਹੋਇਆ ਹੈ। ਵਿੰਨੀ ਮਹਾਜਨ ਮੌਜੂਦਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਥਾਂ ਲੈਣਗੇ। ਕਰਨ ਅਵਤਾਰ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਬਦਲ ਕੇ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਲਗਾਇਆ ਗਿਆ ਹੈ।
ਮੁੱਖ ਸਕੱਤਰ ਦੇ ਅਹੁਦਾ ਦਾ ਕਾਰਜਭਾਗ ਸੰਭਾਲਣ ਤੋਂ ਬਾਅਦ ਵਿੰਨੀ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੂੰ ਬਹਤੁ ਵੱਡੀ ਜਿੰਮੇਵਾਰੀ ਮਿਲੀ ਹੈ, ਜਿਸ ਨੂੰ ਉਹ ਬਹੁਤ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਮੁਲਾਜ਼ਮਾਂ, ਅਫ਼ਸਰਾਂ ਅਤੇ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ ਚੱਲਣਗੇ।
ਮੁੱਖ ਮੰਤਰੀ ਨੇ ਕਰਨ ਅਵਤਾਰ ਅਤੇ ਕੈਬਿਨੇਟ ਮੰਤਰੀ ਵਿੱਚ ਹੋਈ ਤਕਰਾਰ ਤੋਂ ਬਾਅਦ ਸੰਕੇਤ ਦਿੱਤੇ ਸਨ ਕਿ ਕਰਨ ਅਵਤਾਰ 31 ਅਗਸਤ ਤੱਕ ਮੁੱਖ ਸਕੱਤਰ ਦੇ ਅਹੁਦੇ 'ਤੇ ਬਣੇ ਰਹਿਣਗੇ। ਵਿੰਨੀ ਮਹਾਜਨ ਦੀ ਨਿਯੁਕਤੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇੱਕ ਸਰਕਾਰੀ ਮੀਟਿੰਗ ਵਿੱਚ ਕਰਨ ਅਵਤਾਰ ਸਿੰਘ ਅਤੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਕੀ ਕੈਬਿਨੇਟ ਮੰਤਰੀਆਂ ਵਿੱਚਕਾਰ ਖਹਿਬਾਜ਼ੀ ਹੋ ਗਈ ਸੀ। ਇਸ ਤੋਂ ਬਾਅਦ ਪੰਜਾਬ ਦੀ ਸਮੁੱਚੀ ਕੈਬਿਨੇਟ ਨੇ ਕਰਨ ਅਵਤਾਰ ਨੂੰ ਬਦਲਣ ਦੀ ਮੰਗ ਕੀਤੀ ਸੀ। ਇਸੇ ਨਾਲ ਹੀ ਕਾਂਗਰਸੀ ਵਿਧਾਇਕਾਂ ਨੇ ਕਰਨ ਅਵਤਾਰ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਸ਼ਰਾਬ ਦੇ ਕਾਰੋਬਾਰ ਵਿੱਚ ਗੜਬੜੀਆਂ ਦੇ ਇਲਜ਼ਾਮ ਵੀ ਲਗਾਏ ਗਏ ਸਨ।

ਇਸ ਘਟਨਾ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਸੂਤਰਾਂ ਦਾ ਆਖਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਕਾਂਗਰਸੀ ਆਗੂਆਂ ਦੀ ਸਲਾਹ 'ਤੇ ਹੀ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਮੁੱਖ ਸਕੱਤਰ ਵਿੰਨੀ ਮਹਾਜਨ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਪੰਜਾਬ ਕਾਡਰ ਦੇ 1987 ਬੈਂਚ ਦੀ ਅਫ਼ਸਰ ਹੈ। ਵਿੰਨੀ ਮਹਾਜਨ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਧਰਮ ਪਤਨੀ ਹੈ।