ਚੰਡੀਗੜ੍ਹ:ਪੰਜਾਬ ਵਿਜੀਲੈਂਸ ਬਿਊਰੋ ਨੇ ਪੁਖਤਾ ਸਬੂਤਾਂ ਦੇ ਆਧਾਰ 'ਤੇ ਸੂਬੇ 'ਚ ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰ ਸਬੰਧੀ ਚੈਕਿੰਗ ਲਈ ਲਏ ਗਏ ਨਮੂਨਿਆਂ ਦੇ ਰਿਕਾਰਡ 'ਚ ਕੋਤਾਹੀ ਵਰਤਨ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਰਿਕਾਰਡ ਰੱਖਣ 'ਚ ਕੁਤਾਹੀ ਵਰਤਨ ਨੂੰ ਇਨਕੁਆਰੀ ਦਰਜ ਕੀਤੀ ਹੈ ਤਾਂ ਜੋ ਇਸ ਸਬੰਧੀ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਜਾ ਸਕੇ।
ਇਸ ਬਾਰੇ ਦੱਸਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਤੇ ਡੀਜੀਪੀ ਬੀ.ਕੇ. ਉਪਲ ਨੇ ਦੱਸਿਆ ਕਿ ਸਿਹਤ ਤੇ ਖੁਰਾਕ ਵਿਭਾਗ ਵੱਲੋਂ ਸੂਬੇ 'ਚ ਖਾਣ-ਪੀਣ ਦੀਆਂ ਵਸਤਾਂ ਦੀ ਮਿਲਾਵਟ ਚੈਕਿੰਗ ਲਈ ਨਮੂਨੇ ਲਏ ਜਾਂਦੇ ਹਨ। ਇਸ ਤੋਂ ਬਾਅਦ ਸਟੇਟ ਫੂਡ ਐਂਡ ਕੈਮੀਮਲ ਲੈਬੋਰਟਰੀ ਖਰੜ ਵਿਚੋਂ ਪੜਤਾਲ ਕਰਵਾਈ ਜਾਂਦੀ ਹੈ,ਪਰ ਇੱਕ ਮੁੱਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਖੁਰਾਕੀ ਵਸਤਾਂ ਦੇ ਲਏ ਜਾਂਦੇ ਸਾਰੇ ਨਮੂਨੇ ਅੱਗੇ ਲੈਬਾਰਟਰੀ ਵਿੱਚ ਪਰਖ ਲਈ ਨਹੀਂ ਭੇਜੇ ਜਾ ਰਹੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਦੇ ਮਿਆਰ ਨੂੰ ਸਹੀ ਰੱਖਣ ਲਈ ਸਿਹਤ ਵਿਭਾਗ ਅਤੇ ਖੁਰਾਕ ਸਪਲਾਈ ਵਿਭਾਗ ਨੂੰ ਸਮੇਂ-ਸਮੇਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਸ ਕਰਕੇ ਇੰਨਾਂ ਵਿਭਾਗਾਂ ਵੱਲੋਂ ਸਮੇਂ-ਸਮੇਂ ਪਰ ਵੱਖ-ਵੱਖ ਡੇਅਰੀਆਂ, ਮਠਿਆਈ ਦੀਆਂ ਦੁਕਾਨਾਂ, ਹੋਟਲਾਂ ਤੇ ਹੋਰ ਦੁਕਾਨਾਂ ਦੀ ਚੈਕਿੰਗ ਕਰਕੇ ਖਾਣ ਪੀਣ ਵਾਲੇ ਸਮਾਨ ਦੇ ਨਮੂਨੇ ਭਰੇ ਜਾਂਦੇ ਹਨ। ਇਹ ਨਮੂਨੇ ਸਹਾਇਕ ਕਮਿਸ਼ਨਰ, ਫੂਡ ਸੇਫਟੀ ਦਫ਼ਤਰ ਭੇਜ ਕੇ ਇੰਨਾਂ ਸੈਪਲਾਂ ਨੂੰ ਐਨਾਲਾਈਜ਼ ਕਰਨ ਲਈ ਖਰੜ ਦੀ ਲੈਬੋਰਟਰੀ ਭੇਜਿਆ ਜਾਂਦਾ ਹੈ।
ਬੀ.ਕੇ. ਉਪਲ ਨੇ ਦੱਸਿਆ ਕਿ ਇਸ ਮਾਮਲੇ ਦਾ ਪਤਾ ਲਗਾਉਣ ਲਈ ਵਿਜੀਲੈਂਸ ਬਿਊਰੋ ਦੀ ਮੈਡੀਕਲ ਟੀਮ ਵੱਲੋਂ ਸਾਲ 2018-19 ਦਾ ਸਹਾਇਕ ਕਮਿਸ਼ਨਰ ਫੂਡ ਸੇਫਟੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਵੱਲੋਂ ਪ੍ਰਾਪਤ ਕੀਤੇ ਸੈਂਪਲਾਂ ਦਾ ਰਿਕਾਰਡ ਤੇ ਸਟੇਟ ਫੂਡ ਐਂਡ ਕੈਮੀਕਲ ਲੈਬੋਰਟਰੀ ਖਰੜ ਦਾ ਰਿਕਾਰਡ ਹਾਸਲ ਕਰਕੇ ਮਿਲਾਨ ਕਰਨ ਮੌਕੇ ਕਾਫੀ ਅੰਤਰ ਪਾਇਆ ਗਿਆ। ਸਾਲ 2018 'ਚ ਅੰਮ੍ਰਿਤਸਰ ਵੱਲੋਂ ਕੁੱਲ 1115 ਸੈਂਪਲ ਭੇਜੇ ਗਏ ਤੇ ਖਰੜ ਲੈਬੋਰਟਰੀ ਟਚ 1113 ਸੈਂਪਲ ਪ੍ਰਾਪਤ ਹੋਣ ਦਰਸਾਏ ਗਏ। ਇਨ੍ਹਾਂ ਵਿਚੋਂ ਖਰੜ ਲੈਬੋਰਟਰੀ ਦੇ ਰਿਪੋਰਟ ਮੁਤਾਬਕ 851 ਸੈਂਪਲ ਫੇਲ ਹੋਏ ਜਦੋਂ ਕਿ ਅੰਮ੍ਰਿਤਸਰ ਦੀ ਰਿਪੋਰਟ ਮੁਤਾਬਕ ਫੇਲ ਸੈਂਪਲਾਂ ਦੀ ਗਿਣਤੀ ਮਹਿਜ਼ 497 ਹੈ।
ਇਸ ਤੋਂ ਇਲਾਵਾ ਕੁੱਝ ਫੂਡ ਸੈਂਪਲਾਂ ਨੂੰ ਸੀਲ ਕਰਨ ਵਾਲੀਆਂ ਸਲਿਪਾਂ ਫੂਡ ਸਪਲਾਈ ਵਿਭਾਗ ਦੇ ਡਰਾਈਵਰਾਂ, ਦਰਜ-4 ਕਰਮਚਾਰੀਆਂ ਜਾਂ ਕਲਰਕਾਂ ਨੂੰ ਵੀ ਜਾਰੀ ਕੀਤੀਆਂ ਗਈਆਂ ਹਨ ਜਦੋਂ ਕਿ ਨਿਯਮਾਂ ਮੁਤਾਬਕ ਇਨਾਂ ਨੂੰ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ।