ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸੜਕਾਂ 'ਤੇ ਕਿਸਾਨਾਂ ਦੇ ਸਮਰਥਨ ਵਿੱਚ ਪਰਵਾਸੀ ਪੰਜਾਬੀਆਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਈਟੀਵੀ ਭਾਰਤ ਵੱਲੋਂ ਅਮਰੀਕਾ 'ਚ ਚੋਣ ਲੜ ਚੁੱਕੇ ਸਾਬਕਾ ਡੈਮੋਕ੍ਰੇਟਿਕ ਉਮੀਦਵਾਰ ਡਾ. ਹਰਮੇਸ਼ ਕੁਮਾਰ ਨਾਲ ਮੋਦੀ ਸਰਕਾਰ ਦੀ ਨੀਤੀਆਂ ਬਾਰੇ ਖਾਸ ਗੱਲਬਾਤ ਕੀਤੀ ਗਈ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਯੂਰਪ ਅਤੇ ਅਮਰੀਕਾ ਵਿੱਚ ਫੇਲ੍ਹ ਹੋ ਚੁੱਕੇ ਇਸ ਖੇਤੀ ਮਾਡਲ ਦਾ ਅਮਰੀਕਾ ਵਿੱਚ ਕੀ ਅਸਰ ਪਿਆ ਅਤੇ ਭਾਰਤ ਉਪਰ ਇਸ ਦੇ ਕੀ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ।
ਡਾ. ਹਰਮੇਸ਼ ਕੁਮਾਰ ਨੇ ਕਿਹਾ ਕਿ ਇਹ ਅਮੀਰ ਕਾਰਪੋਰੇਟਾਂ ਵੱਲੋਂ ਸਿਆਸਤਦਾਨਾਂ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਨੀਤੀਆਂ ਘੜੀਆਂ ਗਈਆਂ ਹਨ। ਇਹ ਵਰਲਡ ਟਰੇਡ ਆਰਗੇਨਾਈਜੇਸ਼ਨ WTO ਨੂੰ ਚਲਾਉਣ ਵਾਲੇ ਯੂਰਪ, ਇੰਗਲੈਂਡ ਅਤੇ ਅਮਰੀਕਾ ਵਰਗੇ ਮੁਲਕ ਨੇ ਪਹਿਲਾਂ ਏਸ਼ੀਆ ਨੂੰ ਲੁੱਟਿਆ ਤੇ ਬਾਅਦ ਵਿੱਚ ਲੋਕ ਮਾਰੂ ਪਾਲਿਸੀਆਂ ਬਣਾ ਕੇ ਭਾਰਤ ਦੇ ਭੋਲੇ-ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਜਿਸ ਦਾ ਮਕਸਦ ਵਿਦੇਸ਼ਾਂ ਵਿਚ ਬੈਠੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਹੈ।
ਭਾਜਪਾ ਵੱਲੋਂ ਕਿਸਾਨਾਂ ਦੀ 2024 ਤੱਕ ਆਮਦਨੀ ਦੁੱਗਣੀ ਕਰਨ ਦੇ ਤਰਕ ਬਾਰੇ ਉਨ੍ਹਾਂ ਕਿਹਾ ਕਿ ਕਿ ਅਮਰੀਕਾ ਵਿੱਚ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੇ ਹਜ਼ਾਰਾਂ ਏਕੜ ਵਿੱਚ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਆਪਣੀ ਮਨ-ਮਰਜ਼ੀ ਮੁਤਾਬਕ ਖੇਤੀ ਕਰਵਾਉਣ ਦੇ ਠੇਕੇ ਕੀਤੇ ਹੋਏ ਹਨ, ਜਿਸ ਰਾਹੀਂ ਫ਼ਸਲ ਦੇ ਨੁਕਸਾਨ ਦਾ ਜ਼ਿੰਮੇਵਾਰ ਕਿਸਾਨ ਹੀ ਹੋਵੇਗਾ। ਇਸ ਕਾਰਨ ਹੀ ਅਮਰੀਕਾ ਅਤੇ ਯੂਰਪ ਵਿੱਚ ਖੇਤੀ ਮਾਡਲ ਫੇਲ੍ਹ ਹੋਏ ਸਨ ਤੇ ਭਾਰਤ ਵਿੱਚ ਵੀ ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਖ਼ਤਰਨਾਕ ਸਾਬਤ ਹੋਣਗੇ ਕਿਉਂਕਿ ਇਸ ਠੇਕੇ ਦੇ ਵਿਚ ਕਾਰਪੋਰੇਟ ਘਰਾਣਿਆਂ ਕੋਲ ਹੱਕ ਹੋਣਗੇ ਕੀ ਉਹ ਕਦੇ ਵੀ ਠੇਕਾ ਖ਼ਤਮ ਕਰਨ ਦੇ ਮਾਲਕ ਹੋਣਗੇ।
ਡਾ. ਹਰਮੇਸ਼ ਨੇ ਕਿਹਾ ਕਿ ਭਾਰਤ ਵਿੱਚ ਵੀ ਅੰਬਾਨੀ-ਅਡਾਨੀ ਸਣੇ ਤਮਾਮ ਕਾਰਪੋਰੇਟ ਘਰਾਣਿਆਂ ਨੂੰ ਵਿਦੇਸ਼ਾਂ ਵਿੱਚ ਬੈਠੇ ਵੱਡੇ ਫ਼ਾਈਨੈਂਸ਼ੀਅਲ ਧਨਾਢ ਲੋਕਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਬਾਹਰਲੇ ਵਿਦੇਸ਼ੀ ਮੁਲਕਾਂ ਵਿੱਚ ਪੈਸਾ ਲੋਕਾਂ ਕੋਲ ਜ਼ਿਆਦਾ ਹੋਣ ਕਾਰਨ ਭਾਰਤ ਵਿੱਚ ਇਨਵੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਬੈਂਕਾਂ ਦੀ ਤਰ੍ਹਾਂ ਲੋਨ 'ਤੇ ਦਿੱਤੇ ਪੈਸਿਆਂ ਦਾ ਵਿਆਜ ਵਸੂਲਿਆ ਜਾ ਸਕੇ।
ਨਵੇਂ ਖੇਤੀਬਾੜੀ ਕਾਨੂੰਨ ਸਮੱਸਿਆ ਦਾ ਹੱਲ ਕੀ ਹੈ ?
ਖੇਤੀ ਕਾਨੂੰਨਾਂ ਦੇ ਹੱਲ ਬਾਰੇ ਡਾ. ਹਰਮੇਸ਼ ਨੇ ਕਿਹਾ ਕਿ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਜਾਗਰੂਕ ਕੀਤਾ ਜਾਵੇ ਤਾਂ ਕਿ ਪਤਾ ਚੱਲ ਸਕੇ ਕਿ ਆਖ਼ਿਰ ਨਵੀਆਂ ਪਾਲਿਸੀਆਂ ਪਿੱਛੇ ਕੌਣ ਹਨ।