ਚੰਡੀਗੜ੍ਹ: ਸੂਬੇ ਦੇ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਜਾਰੀ ਰੱਖਦਿਆਂ ਟਰਾਂਸਪੋਰਟ ਵਿਭਾਗ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਬਿਨਾਂ ਟੈਕਸ ਤੋਂ ਚਲ ਰਹੀਆਂ ਪ੍ਰਾਈਵੇਟ ਕੰਪਨੀਆਂ ਦੀਆਂ 5 ਹੋਰ ਬੱਸਾਂ ਜ਼ਬਤ ਕਰ ਲਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓ.) (ATO) ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਆਰ.ਟੀ.ਏ. ਦਫ਼ਤਰ ਫ਼ਿਰੋਜ਼ਪੁਰ ਦੇ ਉਡਣ ਦਸਤੇ ਨੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਨ੍ਹਾਂ ਪੰਜ ਬੱਸਾਂ ਨੂੰ ਬਿਨਾਂ ਟੈਕਸ ਤੋਂ ਚੱਲਦਿਆਂ ਪਾਇਆ।
ਜੁਝਾਰ ਸਰਵਿਸ ਦੀ ਬੱਸ ਕੀਤੀ ਜਬਤ
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿੱਚ ਨਿਊ ਦੀਪ ਬੱਸ ਸਰਵਿਸ (New Deep Bus Service) ਦੀਆਂ ਦੋ ਬੱਸਾਂ, ਨਾਗਪਾਲ ਬੱਸ ਸਰਵਿਸ (Nagpal Bus Service) ਦੀ ਇੱਕ ਬੱਸ, ਰਾਜ ਬੱਸ ਸਰਵਿਸ ਦੀ 1 ਬੱਸ ਅਤੇ ਜੁਝਾਰ ਬੱਸ ਸਰਵਿਸ ਦੀ ਇੱਕ ਬੱਸ ਸ਼ਾਮਲ ਹੈ। ਇਸੇ ਦੌਰਾਨ ਟਰਾਂਸਪੋਰਟ ਵਿਭਾਗ ਵਿੱਚ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਕੰਮਕਾਜ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Waring) ਨੇ ਕਿਹਾ ਕਿ ਟੈਕਸ ਨਾ ਭਰਨ ਵਾਲਿਆਂ ਜਾਂ ਨਿਯਮਾਂ ਵਿੱਚ ਕਿਸੇ ਵੀ ਕਿਸਮ ਦੀ ਊਣਤਾਈ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਟਰਾਂਸਪੋਰਟ ਮਹਿਕਮਾ ਹੀ ਚਾਹੁੰਦੇ ਸੀ ਵੜਿੰਗ
ਜਿਕਰਯੋਗ ਹੈ ਕਿ ਰਾਜਾ ਵੜਿੰਗ ਟਰਾਂਸਪੋਰਟ ਮਹਿਕਮਾ ਚਾਹੁੰਦੇ ਸੀ ਤੇ ਸਿੱਧੂ ਧੜਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਬਾਦਲਾਂ ਦੀਆਂ ਬੱਸਾਂ ‘ਤੇ ਕਾਰਵਾਈ ਦੀ ਮੰਗ ਕਰਦਾ ਰਿਹਾ ਹੈ। ਰਾਜਾ ਵੜਿੰਗ ਬਾਦਲਾਂ ਦੇ ਖੇਤਰ ਨਾਲ ਹੀ ਸਬੰਧਤ ਹਨ ਤੇ ਹਰਸਿਮਰਤ ਬਾਦਲ (Harsmirat Badal) ਦੇ ਵਿਰੁੱਧ ਬਠਿੰਡਾ ਤੋਂ ਲੋਕਸਭਾ ਚੋਣ ਵੀ ਲੜ ਚੁੱਕੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਟਰਾਂਸਪੋਰਟ ਵਿੱਚ ਸੁਧਾਰ ਦੇ ਮੱਦੇਨਜਰ ਹੀ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਸੀ ਤੇ ਮੰਤਰੀ ਬਣਨ ਉਪਰੰਤ ਉਹ ਲਗਾਤਾਰ ਐਕਸ਼ਨ ਵਿੱਚ ਹਨ।
ਟਰਾਂਸਪੋਰਟਰਾਂ ਨੂੰ ਪਾਰਦਰਸ਼ੀ ਸਮਾਂ ਸਾਰਣੀ ਦਾ ਕੀਤਾ ਹੈ ਵਾਅਦਾ
ਇਸ ਤੋਂ ਪਹਿਲਾਂ ਵੜਿੰਗ ਬੱਸ ਅੱਡਿਆਂ ‘ਤੇ ਗਏ ਤੇ ਸਫਾਈ ਲਈ ਮਹਿਕਮੇ ਦੇ ਅਫਸਰਾਂ ਤੇ ਅਮਲੇ ਨੂੰ ਪ੍ਰੇਰਤ ਕੀਤਾ ਤੇ ਬਾਅਦ ਵਿੱਚ ਸਫਾਈ ਲਈ ਜਿਲ੍ਹਾ ਟਰਾਂਸਪੋਰਟ ਅਫਸਰਾਂ ਦੀ ਜਿੰਮੇਵਾਰੀ ਤੈਅ ਕੀਤੀ। ਇਸ ਉਪਰੰਤ ਉਨ੍ਹਾਂ ਬੱਸਾਂ ਵਿੱਚ ਆਪ ਸਫਰ ਕੀਤਾ ਤੇ ਸਵਾਰੀਆਂ ਕੋਲੋਂ ਸਮੱਸਿਆਵਾਂ ਜਾਣੀਆਂ ਤੇ ਹੁਣ ਪਿਛਲੇ ਦਿਨਾਂ ਤੋਂ ਟੈਕਸ ਅਦਾ ਨਾ ਕਰਨ ਵਾਲੇ ਟਰਾਂਸਪੋਰਟਰਾਂ ਵਿਰੁੱਧ ਕਾਰਵਾਈ ਵਿੱਢੀ ਹੋਈ ਹੈ। ਇਹ ਨਹੀਂ ਹੈ ਕਿ ਵੜਿੰਗ ਸਿਰਫ ਟਰਾਂਸਪੋਰਟਰਾਂ ਵਿਰੁੱਧ ਕਾਰਵਾਈ ਹੀ ਕਰ ਰਹੇ ਹਨ, ਸਗੋਂ ਉਨ੍ਹਾਂ ਟਰਾਂਸਪੋਰਟਰਾਂ ਦੀ ਇੱਕ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਪਾਰਦਰਸ਼ੀ ਸਮਾਂ ਸਾਰਣੀ ਬਣਾਉਣ ਦਾ ਭਰੋਸਾ ਵੀ ਦਿੱਤਾ ਸੀ।
ਇਹ ਵੀ ਪੜ੍ਹੋ:ਮੁੱਖ ਮੰਤਰੀ ਚਰਨਜੀਤ ਚੰਨੀ ਡੇਰਾ ਹੰਸਾਲੀ ਸਾਹਿਬ ਵਿਖੇ ਹੋਏ ਨਤਮਸਤਕ