ਚੰਡੀਗੜ੍ਹ: ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਸੋਨੀਪਤ ਦੇ ਪੈਟਰੌਲ ਪੰਪ ਮਾਲਕਾਂ, ਆਰਡਬਲਯੂਏ, ਫ਼ੈਕਟਰੀ ਮਾਲਕਾਂ ਤੇ ਰਾਸ਼ਟਰਵਾਦੀ ਪਰਿਵਰਤਨ ਮੰਚ ਦੇ ਪ੍ਰਧਾਨ ਹੇਮੰਤ ਨਾਂਦੇਲ, ਸਕੱਤਰ ਵਿਕਾਸ, ਡਾ. ਤਾਰਾ ਚੰਦ ਕਾਨੂੰਨੀ ਸਲਾਹਕਾਰ ਨੇ ਪ੍ਰੈਸ ਕਾਨਫ਼ਰੰਸ ਕਰਕੇ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਪੱਤਰਕਾਰਾਂ ਸਾਹਮਣੇ ਰੱਖੀਆਂ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਦਾ ਅਸਰ ਆਮ ਲੋਕਾਂ ਦੀ ਜੇਬ 'ਤੇ ਪੈਣ ਲੱਗਿਆ ਹੈ। ਅੰਦੋਲਨ ਕਾਰਨ 135 ਦਿਨਾਂ ਤੋਂ ਕੁੰਡਲੀ ਬਾਰਡਰ 'ਤੇ ਜੀਟੀ ਰੋਡ ਜਾਮ ਹੈ, ਜਿਸ ਕਾਰਨ ਦਿੱਲੀ ਆਉਣ ਵਾਲੇ ਸੋਨੀਪਤ ਦੇ ਲੋਕਾਂ ਨੂੰ ਰੋਜ਼ਾਨਾ 10 ਤੋਂ 20 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ। ਇੱਕ ਅੰਦਾਜ਼ੇ ਅਨੁਸਾਰ ਇਸ ਅੰਦੋਲਨ ਕਾਰਨ ਰੋਜ਼ਾਨਾ ਸੋਨੀਪਤ ਦੇ ਲੋਕਾਂ ਦਾ ਪੰਜ ਲੱਖ ਤੋਂ ਵੱਧ ਰੁਪਏ ਦਾ ਤੇਲ ਬਰਬਾਦ ਹੋ ਰਿਹਾ ਹੈ। ਅੰਦੋਲਨ ਦੇ 135 ਦਿਨਾਂ ਵਿੱਚ ਸੋਨੀਪਤ ਦੇ ਲੋਕ ਲਗਭਗ ਸਾਢੇ ਸੱਤ ਕਰੋੜ ਰੁਪਏ ਦਾ ਵਾਧੂ ਤੇਲ ਫੂਕ ਚੁੱਕੇ ਹਨ। ਰਾਸ਼ਟਰਵਾਦੀ ਪਰਿਵਰਤਨ ਮੰਚ ਦੇ ਸਕੱਤਰ ਵਿਕਾਸ ਨੇ ਕਿਹਾ ਕਿ ਨੌਬਤ ਇਥੇ ਤੱਕ ਪੁੱਜ ਗਈ ਹੈ ਕਿ ਕੋਈ ਵੀ ਵਪਾਰੀ ਕਿਸੇ ਵੀ ਸਮੇਂ ਆਤਮ ਹੱਤਿਆ ਵੀ ਕਰ ਸਕਦਾ ਹੈ, ਕਿਉਂਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ।
ਰੋਜ਼ਾਨਾ 50 ਤੋਂ 60 ਹਜ਼ਾਰ ਲੋਕ ਹਨ ਆਉਂਦੇ-ਜਾਂਦੇ
ਇੱਕ ਅੰਦਾਜ਼ੇ ਅਨੁਸਾਰ ਸੋਨੀਪਤ ਤੋਂ ਰੋਜ਼ਾਨਾ 50 ਤੋਂ 60 ਹਜ਼ਾਰ ਲੋਕ ਦਿੱਲੀ ਆਉਂਦੇ-ਜਾਂਦੇ ਹਨ। ਲੌਕਡਾਊਨ ਤੋਂ ਪਹਿਲਾਂ ਟ੍ਰੇਨਾਂ ਰਾਹੀਂ ਜਾਣ ਵਾਲੇ ਰੋਜ਼ਾਨਾ ਯਾਤਰੀ, ਜਿਨ੍ਹਾਂ ਕੋਲ ਮਹੀਨਾਵਾਰ ਪਾਸ ਬਣੇ ਹੋਏ ਸਨ, ਉਹ 30 ਤੋਂ 35 ਹਜ਼ਾਰ ਦੇ ਲਗਭਗ ਸਨ। ਇਸਤੋਂ ਇਲਾਵਾ ਬਸਾਂ, ਕੈਬ ਅਤੇ ਆਪਣੀਆਂ ਵਾਹਨਾਂ ਨਾਲ ਵੀ ਸੈਂਕੜੇ ਲੋਕ ਦਿੱਲੀ ਆਉਂਦੇ-ਜਾਂਦੇ ਸਨ। ਟ੍ਰੇਨਾਂ ਬੰਦ ਕਾਰਨ ਇਹ ਲੋਕ ਫ਼ਿਲਹਾਲ ਸੜਕ ਮਾਰਗ ਰਾਹੀਂ ਦਿੱਲੀ ਆਉਂਦੇ-ਜਾਂਦੇ ਹਨ ਅਤੇ ਇੲਸ ਲਈ ਸੋਨੀਪਤ ਤੋਂ ਰੋਜ਼ਾਨਾ ਘੱਟ ਤੋਂ ਘੱਟ 10 ਹਜ਼ਾਰ ਗੱਡੀਆਂ ਦਿੱਲੀ ਮੈਟਰੋ ਸਟੇਸ਼ਨ, ਬੱਸ ਅੱਡਾ ਸਮੇਤ ਵਿੱਖ ਵੱਖ ਬਾਜ਼ਾਰਾਂ ਵਿੱਚ ਆਉਂਦੀ। ਕੁੰਡਲੀ ਬਾਰਡਰ ਬੰਦ ਹੋਣ ਕਾਰਨ ਇਨ੍ਹਾਂ ਵਾਹਨਾਂ ਨੂੰ ਨਾਹਰਾ-ਨਾਹਰੀ ਅਤੇ ਖਰਖੌਦਾ ਹੋ ਕੇ ਦਿੱਲੀ ਜਾਣਾ ਪੈ ਰਿਹਾ ਹੈ। ਇਸੇ ਤਰ੍ਹਾਂ ਰੋਜ਼ਾਨਾ ਦਿੱਲੀ ਜਾਣ ਵਾਲੇ 5 ਹਜ਼ਾਰ ਵਿਦਿਆਰਥੀਆਂ ਦੀ ਥਾਂ 400-500 ਹੀ ਰਹਿ ਗਏ ਹਨ। ਰਾਸ਼ਟਰਵਾਦੀ ਪਰਿਵਰਤਨ ਮੰਚ ਦੇ ਪ੍ਰਧਾਨ ਹੇਮੰਤ ਨੇ ਕਿਹਾ ਕਿ ਰੋਜ਼ਾਨਾ 150 ਕਰੋੜ ਦਾ ਨੁਕਸਾਨ ਪੂਰੀ ਇੰਡਸਟਰੀ ਅਤੇ ਛੋਟੇ-ਵੱਡੇ ਉਦਯੋਗਾਂ ਸਣੇ ਤਮਾਮ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ ਦਾ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਮੰਗ ਸਿਰਫ਼ ਇਹ ਹੈ ਕਿ ਸਰਕਾਰ ਬਾਰਡਰ 'ਤੇ ਰਸਤੇ ਵਪਾਰ ਲਈ ਖੋਲ੍ਹੇ।
ਵੱਧ ਗਿਆ ਹੈ ਤੇਲ ਖ਼ਰਚ
ਯਾਤਰਾ ਦੀ ਦੂਰੀ ਵਧਣ ਕਾਰਨ ਤੇਲ ਖ਼ਰਚ ਵੀ ਵਧ ਗਿਆ ਹੈ। ਇਹੀ ਨਹੀਂ, ਪੇਂਡੂ ਤੇ ਭੀੜੇ ਰਸਤੇ ਹੋਣ ਕਾਰਨ ਵੀ ਤੇਲ ਜ਼ਿਆਦਾ ਖਪਤ ਹੁੰਦਾ ਹੈ। ਪੈਟਰੌਲ-ਡੀਜ਼ਲ ਦੀਆਂ ਗੱਡੀਆਂ ਵਿੱਚ ਲਗਭਗ 200 ਰੁਪਏ ਦਾ ਵਾਧੂ ਰੋਜ਼ਾਨਾ ਖ਼ਰਚ ਹੋ ਰਿਹਾ ਹੈ, ਜਦਕਿ ਸੀਐਨਜੀ ਦੀਆਂ ਗੱਡੀਆਂ ਵਿੱਚ 100 ਤੋਂ 150 ਰੁਪਏ ਦਾ ਵਾਧੂ ਖ਼ਰਚ ਹੋ ਰਿਹਾ ਹੈ। ਵੱਡੀਆਂ ਗੱਡੀਆਂ ਨੂੰ ਜ਼ਿਆਦਾ ਮੁਸੀਬਤ ਆ ਰਹੀ ਹੈ। ਇਨ੍ਹਾਂ ਗੱਡੀਆਂ ਵਿੱਚ ਕੇਜੀਪੀ (ਕੁੰਡਲੀ-ਗਾਜੀਆਬਾਦ-ਪਲਵਲ) ਐਕਸਪ੍ਰੈਸ ਵੇਅ ਦੇ ਰਸਤੇ ਬਾਗਪਤ ਹੋ ਕੇ ਦਿੱਲੀ ਜਾਣਾ ਪੈਂਦਾ ਹੈ, ਜਿਸ ਕਾਰਨ 4050 ਕਿਲੋਮੀਟਰ ਦਾ ਰਸਤਾ ਲਗਭਗ 100 ਕਿਲੋਮੀਟਰ ਦਾ ਹੋ ਗਿਆ ਹੈ। ਇਸ ਵਿੱਚ ਲਗਭਗ ਪਹਿਲਾਂ ਦੀ ਤੁਲਨਾ ਵਿੱਚ ਦੁੱਗਣਾ ਤੇਲ ਖ਼ਰਚ ਹੋ ਰਿਹਾ ਹੈ।
ਕੀ ਹਨ ਲੋਕਾਂ ਦੀਆਂ ਮੰਗਾਂ
ਜੀਟੀ ਰੋਡ ਦਾ ਇੱਕ ਪਾਸਾ ਛੇਤੀ ਖੋਲ੍ਹਿਆ ਜਾਵੇ
ਪੈਟਰੌਲ ਪੰਪ ਮਾਲਕਾਂ ਨੂੰ ਵਿੱਤੀ ਸਹਾਇਤਾ
ਸੋਨੀਪਤ ਵਿੱਚ ਸਥਿਤ ਪੀੜਤ ਫ਼ੈਕਟਰੀ ਮਾਲਕਾਂ ਨੂੰ ਕਿਸਾਨ ਅੰਦੋਨ ਦੇ ਦਿਨਾਂ ਦੀ ਟੈਕਸ ਵਿੱਚ ਛੋਟ
ਉਦਯੋਗਾਂ ਵਿੱਚ ਕੱਚਾ ਮਾਲ ਪਹੁੰਚਾਉਣ ਦਾ ਪੁਖ਼ਤਾ ਪ੍ਰਬੰਧ
ਮਜਦੂਰਾਂ ਦਾ ਜਾਣਾ ਰੋਕਣ ਦੀਆਂ ਕੋਸ਼ਿਸ਼ਾਂ
ਮਰੀਜ਼ਾਂ ਨੂੰ ਹਸਪਤਾਲ ਸਮੇਂ ਨਾਲ ਪਹੁੰਚਾਉਣ ਦੇ ਇੰਤਜ਼ਾਮ
ਹੁਣ ਤੱਕ ਦੀਆਂ ਕੋਸ਼ਿਸ਼ਾਂ
ਖਾਪ ਪੰਚਾਇਤਾਂ ਨੂੰ ਸਮਰਥਨ ਦੀ ਅਪੀਲ
ਸੋਨੀਪਤ ਦੇ ਡੀਸੀ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ
ਕਿਸਾਨਾਂ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਅਪੀਲ
ਇਸ ਦੌਰਾਨ ਵਕਾਲਤ ਦੀ ਪੜ੍ਹਾਈ ਅਤੇ ਤਿਆਰੀ ਕਰਵਾਉਣ ਵਾਲੇ ਵਕੀਲ ਡਾਕਟਰ ਟੀਸੀ ਰਾਣਾ ਨੇ ਕਿਹਾ ਕਿ ਤਮਾਮ ਇੰਸਟੀਚਿਊਟ ਬੰਦ ਹੋ ਚੁੱਕੇ ਹਨ। ਪਹਿਲਾਂ ਉਹ 80 ਤੋਂ 85 ਹਜ਼ਾਰ ਰੁਪਏ ਕਮਾਉਂਦੇ ਸਨ, ਪਰ ਹੁਣ ਉਨ੍ਹਾਂ ਕੋਲ ਕੋਈ ਕੰਮ ਨਹੀਂ ਚੱਲ ਰਿਹਾ।
ਉਧਰ, ਰਾਸ਼ਟਰਵਾਦੀ ਪਰਿਵਰਤਨ ਮੰਚ ਦੇ ਨਾਲ ਆਏ ਇੱਕ ਵਪਾਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ ਅਤੇ ਦਿੱਲੀ ਵਿੱਚ ਚੱਲ ਰਹੀਆਂ ਉਨ੍ਹਾਂ ਫੈਕਟਰੀਆਂ ਤੋਂ ਮਾਲਕ ਦੁਕਾਨਾਂ ਤੱਕ ਪਹੁੰਚਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸਾਨਾਂ ਨਾਲ ਕੋਈ ਵਿਰੋਧ ਨਹੀਂ, ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਪਰ ਸਰਕਾਰ ਨੂੰ ਸੋਨੀਪਤ ਦੇ ਵਪਾਰੀਆਂ, ਦੁਕਾਨਦਾਰਾਂ, ਰੇਹੜੀ ਚਾਲਕਾਂ, ਇੰਸਟੀਚਿਊਟ ਮਾਲਕਾਂ, ਮੈਡੀਕਲ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੂੰ ਵੀ ਵਿਕਲਪ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਆਪਣਾ ਰੁਜ਼ਗਾਰ ਚਲਾ ਸਕਣ।