ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਸਾਉਣੀ ਮੰਡੀਕਰਨ ਸੀਜ਼ਨ 2021-22 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਖੇਤੀਬਾੜੀ ਵਿਭਾਗ ਨੇ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਝੋਨੇ ਦੇ ਉਤਪਾਦਨ ਦਾ 197.47 ਲੱਖ ਮੀਟਰਕ ਟਨ ਦਾ ਟੀਚਾ ਨਿਰਧਾਰਿਤ ਕੀਤਾ ਹੈ ਅਤੇ ਸੂਬਾ ਭਰ ਵਿੱਚ ਲਗਭਗ 30 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੋਵੇਗਾ।
ਇਹ ਵੀ ਪੜੋ: Punjab Congress Conflict: ‘ਵਿਧਾਇਕਾਂ ਦੇ ਕਾਕਿਆਂ ਨੇ ਮੋੜੀਆਂ ਸਰਕਾਰੀ ਨੌਕਰੀਆਂ’
ਵੀਡੀਓ ਕਾਨਫਰੰਸਿੰਗ ਰਾਹੀਂ ਕੰਮਕਾਜ ਦਾ ਲਿਆ ਜਾਇਜ਼ਾ
ਜ਼ਿਕਰਯੋਗ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸਾਉਣੀ ਮੰਡੀਕਰਨ ਸੀਜ਼ਨ, 2020-21 ਵਿੱਚ 202.83 ਲੱਖ ਮੀਟਰਕ ਟਨ ਝੋਨਾ ਅਤੇ ਹਾੜੀ ਮੰਡੀਕਰਨ ਸੀਜ਼ਨ 2021-22 ਵਿੱਚ 132.10 ਲੱਖ ਮੀਟਰਕ ਟਨ ਕਣਕ ਦੀ ਸਫਲਤਾਪੂਰਵਕ ਖਰੀਦ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਵਿਭਾਗ ਨੂੰ ਕੇਂਦਰ ਨਾਲ ਵੇਲੇ ਸਿਰ ਤਾਲਮੇਲ ਕਰਕੇ ਬਾਰਦਾਨੇ ਦੀ ਸਮੇਂ ਸਿਰ ਖਰੀਦ ਕਰਨ ਤੋਂ ਇਲਾਵਾ ਝੋਨੇ ਦੀ ਨਿਰਵਿਘਨ ਲਿਫਟਿੰਗ ਲਈ ਆਵਾਜਾਈ ਅਤੇ ਲੇਬਰ ਸਮੇਤ ਹੋਰ ਲੋੜੀਂਦਾ ਸਾਜ਼ੋ-ਸਾਮਾਨ ਯਕੀਨੀ ਬਣਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਤੈਅ ਸਮੇਂ ਵਿੱਚ ਉਤਪਾਦ ਦੀ ਅਦਾਇਗੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਛੇਤੀ ਨਿਸ਼ਚਤ ਲਈ ਕਿਹਾ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਦਵਾਇਆ ਭਰੋਸਾ
ਮੀਟਿੰਗ ਦੌਰਾਨ ਵਿਚਾਰ-ਚਰਚਾ ਵਿੱਚ ਹਿੱਸਾ ਲੈਂਦੇ ਹੋਏ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਮਾਰਚ, 2017 ਤੋਂ ਲੈ ਕੇ ਹਾੜ੍ਹੀ ਅਤੇ ਸਾਉਣੀ ਦੇ 9 ਸੀਜ਼ਨਾਂ ਦੌਰਾਨ ਕੀਤੀ ਖਰੀਦ ਵਾਂਗ ਮੌਜੂਦਾ ਸਾਉਣੀ ਸੀਜ਼ਨ ਮੌਕੇ ਵੀ ਝੋਨੇ ਦੀ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਇਆ ਜਾਵੇਗਾ। ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਸੰਖੇਪ ਵਿੱਚ ਪੇਸ਼ਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਵਿਭਾਗ ਨੇ ਸਾਉਣੀ ਸੀਜ਼ਨ, 2021-22 ਦੌਰਾਨ ਫਸਲ ਦੀ ਸਿੱਧੀ ਅਦਾਇਗੀ ਕਰਨ ਲਈ ਸਾਫਟਵੇਅਰ ਨੂੰ ਪਹਿਲਾਂ ਹੀ ਵਿਕਸਿਤ ਕਰ ਲਿਆ ਹੈ। ਖਰੀਦ ਲਈ ਵਿਭਾਗ ਆਪਣੇ ‘ਅਨਾਜ ਖਰੀਦ’ ਪੋਰਟਲ ਰਾਹੀਂ ਕੰਮਕਾਜ ਕਰਦਾ ਹੈ ਜਿਸ ਨਾਲ 10 ਲੱਖ ਕਿਸਾਨ 24 ਹਜ਼ਾਰ ਆੜ੍ਹਤੀਏ ਅਤੇ 4 ਹਜ਼ਾਰ ਮਿੱਲ ਮਾਲਕ ਰਜਿਸਟਰਡ ਹੈ।
ਕੌਮੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਆਨ ਲਾਈਨ ਵਿਧੀ ਰਾਹੀਂ 1.51 ਕਰੋੜ ਯੋਗ ਲਾਭ ਪਾਤਰੀਆਂ ਨੂੰ ਕਣਕ ਵੰਡੀ ਜਾ ਚੁੱਕੀ ਹੈ
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਤੇ ਦਾਲਾਂ ਦੇ ਪਹਿਲੇ ਅਤੇ ਦੂਜੇ ਪੜਾਅ ਅਤੇ ਕਣਕ ਦੇ ਤੀਜੇ ਪੜਾਅ ਵਿੱਚ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਸਾਰੇ 1.41 ਕਰੋੜ ਲਾਭਪਾਤਰੀਆਂ ਨੂੰ ਵਾਧੂ ਵਿਵਸਥਾ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਆਤਮ ਨਿਰਭਰ ਭਾਰਤ ਸਕੀਮ ਤਹਿਤ ਖਾਣੇ ਦੇ 14 ਲੱਖ ਪੈਕੇਟ ਤੇ ਮੁੱਖ ਮੰਤਰੀ ਕੋਵਿਡ ਰਾਹਤ ਪ੍ਰੋਗਰਾਮ ਤਹਿਤ ਰਾਜ ਆਫਤ ਪ੍ਰਬੰਧਨ ਫੰਡ ਤੋਂ ਲੋੜਵੰਦਾਂ ਨੂੰ ਸੁੱਕੇ ਰਾਸ਼ਨ ਦੇ 17 ਲੱਖ ਪੈਕੇਟ ਵੰਡੇ ਗਏ ਅਤੇ ਕੋਵਿਡ 19 ਦੇ ਪਾਜ਼ੇਟਿਵ ਮਰੀਜਾਂ ਨੂੰ ਖਾਣੇ ਦੇ ਹੋਰ ਇਕ ਲੱਖ ਪੈਕੇਟ ਵੰਡ ਅਧੀਨ ਹਨ।
ਇਹ ਵੀ ਪੜੋ: Punjab Congress Conflict: ‘ਹਾਈਕਮਾਨ ਕੈਪਟਨ ਨੂੰ ਕਰ ਰਹੀ ਹੈ ਕਮਜ਼ੋਰ’