ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਲਈ ਆਪਾ ਵਾਰਨ ਵਾਲਿਆਂ ਪ੍ਰਤੀ ਦੇਸ਼ ਅਤੇ ਸਮਾਜ ਹਮੇਸ਼ਾ ਰਿਣੀ ਰਹਿੰਦਾ ਹੈ, ਪਰ ਬੀਤੇ ਦਿਨ ਜਿਸ ਤਰ੍ਹਾਂ ਤਰਸ ਆਧਾਰ ’ਤੇ ਨਿਯੁਕਤੀਆਂ ਕੀਤੀਆਂ ਗਈਆਂ ਉਨਾਂ ਵਿਚੋਂ ਕੁਝ ਨੂੰ ਇਸ ਸ਼੍ਰੇਣੀ ਵਿੱਚ ਰੱਖਣਾ ਉਚਿਤ ਨਹੀਂ ਹੋਵੇਗਾ। ਇਸ ਲਈ ਉਨਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਫੈਸਲੇ ’ਤੇ ਪੁਨਰ ਵਿਚਾਰ ਕਰਕੇ ਇੰਨਾ ਨਿਯੁਕਤੀਆਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜੋ: 'ਸ਼ਹੀਦਾਂ ਦੇ ਪਰਿਵਾਰਾਂ ਨੂੰ ਦਰਜਾ ਚਾਰ ਦੀ ਨੌਕਰੀ ਤੇ ਵਿਧਾਇਕਾਂ ਦੇ ਪੁੱਤ ਅਫ਼ਸਰ'
ਜਾਖੜ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਬੀਤੇ ਦਿਨ ਲਏ ਗਏ ਬਹੁਤ ਹੀ ਲੋਕ ਕਲਿਆਣਕਾਰੀ ਫੈਸਲੇ ਜਿਵੇਂ ਕਿ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ ਅਤੇ ਹਜ਼ਾਰਾਂ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨਾ ਆਦਿ ਨੂੰ ਵੀ ਆਪਣੇ ਪਰਛਾਵੇਂ ਹੇਠ ਗਏ ਗਏ ਹਨ। ਉਨਾਂ ਕਿਹਾ ਕਿ ਇਸ ਫੈਸਲੇ ਦੇ ਬਹੁਤ ਲੰਮੇ ਸਮੇਂ ਤਕ ਪ੍ਰਭਾਵ ਪੈਣਗੇ।
ਉਨਾਂ ਕਿਹਾ ਕਿ ਬੇਸ਼ੱਕ ਦੇਸ਼ ਲਈ ਕੁਰਬਾਨੀ ਕਰਨ ਵਾਲਿਆਂ ਪ੍ਰਤੀ ਮੁਲਕ ਹਮੇਸ਼ਾ ਹੀ ਸ਼ੁਕਰਗੁਜਾਰ ਰਹਿੰਦਾ ਹੈ, ਪਰ ਬੀਤੇ ਦਿਨ ਦੇ ਫੈਸਲੇ ਅਤੇ ਕੁਝ ਲਾਭਪਾਤਰੀਆਂ ਦੇ ਪਿਛੋਕੜ ਨੂੰ ਦੇਖਦਿਆਂ ਇਸ ਫੈਸਲੇ ਨੂੰ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਉਨਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗ਼ਲਤ ਸਲਾਹ ਦਿੱਤੀ ਗਈ ਹੈ। ਕਿਉਂਕਿ ਇਸ ਫੈਸਲੇ ਤੋਂ ਬਾਅਦ ਸਰਕਾਰ ਤੇ ਭਾਈ ਭਤੀਜਾਵਾਦ ਅਤੇ ਕੁਝ ਲੋਕਾਂ ਦੀ ਸਿਆਸੀ ਪੁਸ਼ਤ ਪਨਾਹੀ ਦੇ ਦੋਸ਼ ਲੱਗਣਗੇ ਜੋ ਕੇ ਸਹੀ ਨਹੀਂ ਹੋਵੇਗਾ। ਉਨਾਂ ਆਖਿਆ ਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਹੀ ਸੋਭਦੇ ਹਨ ਨਾ ਕਿ ਆਪਣੇ ਪਰਿਵਾਰਕ ਮੈਂਬਰਾਂ ਲਈ ਇਸ ਤਰਾਂ ਦੇ ਲਾਭ ਲੋਚਦੇ ਹੋਏ।
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਸੰਦਰਭ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਦੇ ਹੋਏ ਵਡੇਰੇ ਜਨਹਿੱਤ ਵਿਚ ਇੰਨਾ ਨਿਯੁਕਤੀਆਂ ਨੂੰ ਰੱਦ ਕਰਨ।
ਇਹ ਵੀ ਪੜੋ: ਵਿਰੋਧੀ ਅੱਤਵਾਦੀ ਪੀੜਤ ਪਰਿਵਾਰਾਂ ਦੇ ਦੱਸਣ ਨਾਂ, ਮੈਂ ਦੇਵਾਂਗਾ ਨੌਕਰੀ: ਕੈਪਟਨ