ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿੱਤ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਫਾਜ਼ਿਕਲਾ 'ਚ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਥਾਪਨਾ ਵਾਸਤੇ 100 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇ ਤਾਂ ਜੋ ਸੂਬੇ ਦੇ ਸਰਹੱਦੀ ਜ਼ਿਲ੍ਹੇ ਵਿੱਚ ਮੈਡੀਕਲ ਸੇਵਾਵਾਂ ਦੀ ਸ਼ੁਰੂਆਤ ਹੋ ਸਕੇ।
ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ ਕੇ ਸਿੰਘ ਨੂੰ ਲਿਖੇ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਜਵੀਜ ਕੀਤਾ ਮੈਡੀਕਲ ਕਾਲਜ ਤੇ ਹਸਪਤਾਲ ਨਾ ਸਿਰਫ ਮਾਲਵਾ ਖਿੱਤੇ ਬਲਕਿ ਹਰਿਆਣਾ ਤੇ ਰਾਜਸਥਾਨ ਦੇ ਗੁਆਂਢੀ ਜ਼ਿਲ੍ਹਿਆਂ ਲਈ ਵੀ ਧੁਰਾ ਬਣ ਜਾਵੇਗਾ। ਉਨ੍ਹਾਂ ਸਿਫਾਰਸ਼ ਕੀਤੀ ਕਿ ਇਸ ਨੂੰ ਫਾਜ਼ਿਲਕਾ ਵਿਖੇ ਜ਼ਿਲ੍ਹਾਂ ਹਸਪਤਾਲ ਨਾਲ ਜੋੜਿਆ ਜਾਵੇ।
ਬਾਦਲ ਨੇ ਕਿਹਾ ਕਿ ਫਾਜ਼ਿਲਕਾ ਵਿੱਚ ਸਰਕਾਰੀ ਖੇਤਰ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਤੇ ਸੰਭਾਲ ਦੀ ਬਹੁਤ ਜ਼ਿਆਦਾ ਕਮੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਮਦਨ ਘੱਟ ਹੋਣ ਕਾਰਨ ਪ੍ਰਾਈਵੇਟ ਸਿਹਤ ਸੇਵਾਵਾਂ ਵੀ ਸ਼ੁਰੂ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵਸੋਂ ਵਿੱਚ ਪ੍ਰਤੀ ਹਜ਼ਾਰ ਪਿੱਛੇ 0.7 ਤੋਂ 0.9 ਫੀਸਦੀ ਹੀ ਬੈਡ ਹਨ ਅਤੇ ਇੱਕ ਡਾਕਟਰ ਜ਼ਿਲ੍ਹੇ ਵਿੱਚ 6183 ਲੋਕਾਂ ਦੀ ਸੇਵਾ ਕਰ ਰਿਹਾ ਹੈ ਜਦਕਿ ਇਸਦੇ ਮੁਕਾਬਲੇ ਪਟਿਆਲਾ ਵਿੱਚ ਇੱਕ ਡਾਕਟਰ 578 ਵਿਅਕਤੀਆਂ ਨੂੰ ਵੇਖ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਪੱਤਰ ਵਿੱਚ ਵਿੱਤ ਕਮਿਸ਼ਨ ਦੇ ਚੇਅਰਮੈਨ ਨੂੰ ਦੱਸਿਆ ਕਿ ਫਾਜ਼ਿਲਕਾ ਵਿੱਚ ਦੇਸ਼ ਦੇ ਸਭ ਤੋਂ ਵੱਧ ਕੈਂਸਰ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਵਾ ਖਿੱਤੇ 'ਚੋਂ ਰਾਜਸਥਾਨ ਜਾਣ ਵਾਲੀ ਇੱਕ ਰੇਲ ਦਾ ਨਾਂਅ ਦਾ ਕੈਂਸਰ ਐਕਸਪ੍ਰੈਸ ਵਜੋਂ ਹੀ ਮਸ਼ਹੂਰ ਹੋ ਗਿਆ ਸੀ ਕਿਉਂਕਿ ਉਹ ਇਲਾਜ ਵਾਸਤੇ ਕੈਂਸਰ ਮਰੀਜ਼ਾਂ ਨੂੰ ਲੈ ਕੇ ਜਾਂਦੀ ਸੀ।
ਬਾਦਲ ਨੇ ਕਿਹਾ ਕਿ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਦੇ ਹੱਲ ਲਈ ਕੋਈ ਢਾਂਚਾਵਤ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇੱਕ ਜ਼ਿਲ੍ਹਾਂ ਹਸਪਤਾਲ ਹੈ ਜਿਥੇ ਬੁਨਿਆਦੀ ਢਾਂਚੇ ਦੀ ਵੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਮੈਡੀਕਲ ਸੇਵਾਵਾਂ ਵਾਸਤੇ ਰਾਤੋ ਰਾਤ ਹੋਰਨਾਂ ਖੇਤਰਾਂ ਵਿੱਚ ਸਫ਼ਰ ਕਰਨਾ ਪੈਂਦਾ ਹੈ ਜੋ ਉਨ੍ਹਾਂ 'ਤੇ ਵਿੱਤੀ ਬੋਝ ਹੈ।