ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਸਿਰਫ 8 ਦਿਨ ਹੀ ਰਹਿ ਗਏ ਹਨ। ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਇੱਕ ਪਾਸੇ ਜਿੱਥੇ ਵਿਧਾਨਸਭਾ ਚੋਣਾਂ 2022 ਦੇ ਲਈ ਸਟਾਰ ਪ੍ਰਚਾਰਕਾਂ ਵੱਲੋਂ ਪ੍ਰਚਾਰ ਜ਼ੋਰ ਫੜਨ ਲੱਗਾ ਹੈ, ਉੱਥੇ ਹੀ ਦੂਜੇ ਪਾਸੇ ਸਟਾਰ ਪ੍ਰਚਾਰਕਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਹੁਣ ਚੋਣ ਮੈਦਾਨ ’ਚ ਉਮੀਦਵਾਰਾਂ ਦੀਆਂ ਪਤਨੀ, ਧੀਆਂ ਵੀ ਚੋਣ ਪ੍ਰਚਾਰ ਕਰਨ ਲੱਗੇ ਹਨ। ਚੋਣਾਂ ਨੂੰ ਘੱਟ ਸਮਾਂ ਹੋਣ ਕਾਰਨ ਉਮੀਦਵਾਰਾਂ ਦੇ ਪਰਿਵਾਰ ਡੋਰ ਟੂ ਡੋਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ, ਜ਼ਿਆਦਾਤਰ ਇਹ ਚੋਣ ਪ੍ਰਚਾਰ ਦਾ ਢੰਗ ਪੁਰਾਣਾ ਹੈ। ਪਰ ਹੁਣ ਕੋਰੋਨਾ ਕਰਕੇ ਕਾਫੀ ਕਾਰਗਰ ਸਾਬਿਤ ਹੋ ਰਿਹਾ।
ਕੇਜਰੀਵਾਲ ਦੀ ਪਤਨੀ ਅਤੇ ਧੀ ਨੇ ਧੂਰੀ ’ਚ ਕੀਤਾ ਚੋਣ ਪ੍ਰਚਾਰ
ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਹਰਸ਼ਿਤਾ ਕੇਜਰੀਵਾਲ ਧੂਰੀ ਵਿਖੇ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਲਈ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਭਗਵੰਤ ਮਾਨ ਦੀ ਮਾਤਾ ਅਤੇ ਭੈਣ ਵੀ ਮੌਜੂਦ ਰਹੇ। ਇਨ੍ਹਾਂ ਵੱਲੋਂ ਭਗਵੰਤ ਮਾਨ ਦੇ ਲਈ ਵੋਟ ਮੰਗੇ ਗਏ। ਨਾਲ ਹੀ ਉਨ੍ਹਾਂ ਨੇ ਸਾਰਿਆਂ ਨੇ ਅਪੀਲ ਕੀਤੀ ਪੰਜਾਬ ਦੇ ਲੋਕ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜਰੂਰ ਦੇਣ।
ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰ ਵੀ ਚੋਣ ਮੈਦਾਨ ’ਚ
ਦੱਸ ਦਈਏ ਕਿ ਚੋਣਾਂ ਨੇੜੇ ਆਉਂਦੀਆਂ ਹੀ ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰ ਵੀ ਚੋਣ ਮੈਦਾਨ ਚ ਉਤਰ ਚੁੱਕੇ ਹਨ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹਨ। ਦੱਸ ਦਈਏ ਕਿ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਨੂੰਹ ਗੁਰਰੀਤ ਸਿੰਗਲਾ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਫਰੀਦਕੋਟ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪਤਨੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦਕਿ ਲੁਧਿਆਣਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਬਿਕਰਮ ਸਿੱਧੂ ਲਈ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਭੈਣ, ਉਨ੍ਹਾਂ ਦੇ ਬੱਚੇ ਡੋਰ ਟੂ ਡੋਰ ਕੰਪੇਨ ਵਿੱਚ ਲੱਗੇ ਹੋਏ ਹਨ।
14, 16 ਅਤੇ 17 ਫਰਵਰੀ ਨੂੰ ਨੂੰ PM ਮੋਦੀ ਦੀ ਰੈਲੀ
ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਾਰਨ ਭਾਜਪਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭਾਜਪਾ ਆਗੂਆਂ ਦਾ ਘਰੋ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਸੀ, ਪਰ ਅੰਦੋਲਨ ਖਤਮ ਹੋਣ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਚੋਣ ਪ੍ਰਚਾਰ ਚ ਤੇਜ਼ੀ ਲਿਆ ਦਿੱਤੀ ਗਈ ਹੈ। ਇਸੇ ਦੇ ਚੱਲਦੇ 14 ਫਰਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਵਿਖੇ ਰੈਲੀ ਕੀਤੀ ਜਾਵੇਗੀ। ਮੋਦੀ ਜਲੰਧਰ ਵਿਖੇ ਆਪਣੀ ਫੇਰੀ ਦੌਰਾਨ ਇੱਕ ਰੈਲੀ ਨੂੰ ਸੰਬੋਧਿਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ ਨੂੰ ਭਾਜਪਾ ਵੱਲੋਂ ਇੱਕ ਮਾਸਟਰ ਸਟ੍ਰੋਕ ਮੰਨਿਆ ਜਾ ਰਿਹਾ ਹੈ। ਇਸ ਰੈਲੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਪੂਰੇ ਜ਼ੋਰਾਂ ’ਤੇ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14, 16 ਅਤੇ 17 ਫਰਵਰੀ ਨੂੰ ਮਾਲਵਾ, ਦੋਆਬਾ ਅਤੇ ਮਾਝਾ ਦੇ ਤਿੰਨੋਂ ਖੇਤਰਾਂ ਨੂੰ ਕਵਰ ਕਰਦੇ ਹੋਏ ਪੰਜਾਬ ਵਿੱਚ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ
ਬਾਹਰਲੇ ਸੂਬਿਆਂ ਦੇ ਮੰਤਰੀ ਵੀ ਕਰ ਰਹੇ ਚੋਣ ਪ੍ਰਚਾਰ
ਇੱਕ ਪਾਸੇ ਜਿੱਥੇ ਪਰਿਵਾਰਿਕ ਮੈਂਬਰਾਂ ਵੱਲੋਂ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਬਾਹਰਲੇ ਸੂਬਿਆਂ ਤੋਂ ਮੰਤਰੀ ਵੱਲੋਂ ਵੀ ਪੰਜਾਬ ਆ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਸ਼ਹਿਰੀ ਮੰਤਰੀ ਵੀ.ਕੇ. ਸਿੰਘ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ 12 ਫਰਵਰੀ ਨੂੰ ਕੁੱਲ 10 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ’ਚ ਚੋਣ ਪ੍ਰਚਾਰ ਕੀਤਾ ਗਿਆ ਸੀ ਜਿਸ ਚ ਉਨ੍ਹਾਂ ਸੀਐੱਮ ਉਮੀਦਵਾਰ ਦਾ ਐਲਾਨ ਵੀ ਕੀਤਾ ਸੀ।
ਇਹ ਵੀ ਪੜੋ: ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਕੀਤਾ CM ਚੰਨੀ ਦਾ ਗੁਣਗਾਣ, ਦੱਸਿਆ ‘ਅਲਾਦੀਨ ਦਾ ਚਿਰਾਗ’