ਚੰਡੀਗੜ੍ਹ: ਕਾਂਗਰਸ ਪਾਰਟੀ ’ਚ ਇੱਕ ਵਾਰ ਫਿਰ ਤੋਂ ਬਾਗ਼ੀ ਸੁਰ ਦੇਖਣ ਨੂੰ ਮਿਲ ਰਹੇ ਹਨ। ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਟਵੀਟ ਕਰ ਆਪਣੀ ਹੀ ਪਾਰਟੀ ’ਤੇ ਸਵਾਲ ਚੁੱਕੇ ਗਏ ਹਨ। G23 ਆਗੂਆਂ ਮਨਾਉਣ ਦੀਆਂ ਕੋਸ਼ਿਸ਼ਾਂ ’ਤੇ ਪਾਰਟੀ ਦੇ ਆਗੂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ।
ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਝੁਕ ਕਰ ਸਲਾਮ ਕਰਨੇ ਮੇ ਕਿਆ ਹਰਜ ਹੈ ਮਗਰ ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੰਤੁਸ਼ਟ ਲੋਕਾਂ ਨੂੰ ਬਹੁਤ ਜਿਆਦਾ ਤਵੱਜੋ ਦੇਣਾ ਨਾ ਸਿਰਫ ਰੁਤਬੇ ਨੂੰ ਕਮਜੋਰ ਕਰਦਾ ਹੈ ਬਲਕਿ ਹੋਰ ਬਗਾਵਤ ਨੂੰ ਬਲ ਦਿੰਦਾ ਹੈ। ਇਹ ਕੈਡਰ ਨੂੰ ਨਿਰਾਸ਼ ਕਰਨ ਦੇ ਨਾਲ ਨਾਲ ਅਸਹਿਮਤੀ ਵੀ ਵਧਾਏਗਾ।
16 ਮਾਰਚ ਨੂੰ ਗੁਲਾਬ ਨਬੀ ਆਜ਼ਾਦ ਦੇ ਘਰ G23 ਦੇ ਆਗੂਆਂ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਸੋਨੀਆ ਗਾਂਧੀ ਨਾਲ G23 ਨੇਤਾਵਾਂ ਦੀਆਂ ਦੋ ਵੱਖ-ਵੱਖ ਮੀਟਿੰਗਾਂ ਨੂੰ ਸਾਰਿਆਂ ਨੂੰ ਇਕੱਠੇ ਲਿਆਉਣ ਅਤੇ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਜੀ23 ਨੇਤਾਵਾਂ ਆਨੰਦ ਸ਼ਰਮਾ, ਮਨੀਸ਼ ਤਿਵਾੜੀ ਅਤੇ ਵਿਵੇਕ ਟਾਂਖਾ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਦਰਅਸਲ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਪੁਰਾਣੀ ਪਾਰਟੀ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਜਿੱਥੇ ਪਾਰਟੀ ਸੰਗਠਨ ਤੋਂ ਨੇਤਾਵਾਂ ਦੇ ਪਲਾਇਨ ਨੂੰ ਰੋਕਣ ਲਈ ਸੰਘਰਸ਼ ਕਰ ਰਹੀ ਹੈ, ਉਥੇ G23 ਦੇ ਨੇਤਾਵਾਂ ਵਿਚ ਅਸੰਤੋਸ਼ ਹੈ।
G23 ਦੇ ਨੇਤਾਵਾਂ ਨੇ ਰਣਨੀਤੀ ਅਤੇ ਸੰਗਠਨਾਤਮਕ ਪੱਧਰ 'ਤੇ ਕਮੀਆਂ ਬਾਰੇ ਆਵਾਜ਼ ਚੁੱਕੀ ਹੈ। ਇਨ੍ਹਾਂ ਨੇਤਾਵਾਂ ਨਾਲ ਸੋਨੀਆ ਗਾਂਧੀ ਦੀ ਮੁਲਾਕਾਤ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਨ ਦੀ ਚੋਟੀ ਦੀ ਲੀਡਰਸ਼ਿਪ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜੋ: ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਦਿੱਤੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ