ਚੰਡੀਗੜ੍ਹ: ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਕੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਚਰਚਾ ਵਿੱਚ ਹੈ। ਇਸਦੇ ਮੱਦੇਨਜ਼ਰ ਸਰਕਾਰ ਦੇ ਧਿਆਨ ਵਿੱਚ ਇਹ ਲਿਆਉਣ ਦੀ ਲੋੜ ਹੈ ਕਿ ਫਗਵਾੜਾ ਇੱਕ ਪੁਰਾਣਾ ਉਦਯੋਗਿਕ ਸ਼ਹਿਰ ਹੈ, ਜੋ ਕਿ ਕਪੂਰਥਲਾ ਜ਼ਿਲ੍ਹੇ ਦਾ ਇੱਕ ਹਿੱਸਾ ਹੈ ਪਰ ਇਸਨੂੰ ਜਲੰਧਰ ਦੇ ਮੁੱਖ ਜ਼ਿਲ੍ਹੇ ਤੋਂ ਵੱਖਰਾ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਰਨ ਇੱਥੋਂ ਦੇ ਲੋਕਾਂ ਨੂੰ ਸਰਕਾਰੀ ਸ਼ਿਕਾਇਤਾਂ ਸੰਬੰਧੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰਾਇਆ, ਫਿਲੌਰ ਅਤੇ ਬਹਿਰਾਮਪੁਰ ਨੂੰ ਫਗਵਾੜਾ ਵਿੱਚ ਹੀ ਸ਼ਾਮਲ ਕੀਤਾ ਜਾਵੇ ਅਤੇ ਇੱਕ ਜ਼ਿਲ੍ਹਾ ਐਲਾਨਿਆ ਜਾਵੇ। ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਮੰਗ ਪੂਰੀ ਕੀਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ 22 ਜ਼ਿਲ੍ਹਿਆਂ 'ਚ ਕੁੱਝ ਸਮਾਂ ਪਹਿਲਾਂ ਈਦ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰਕੇ ਕਿਹਾ ਸੀ ਕਿ ਮੁਸਲਿਮ ਭਾਈਚਾਰੇ ਦੀ ਚਿਰਾਂ ਤੋਂ ਮੰਗ ਸੀ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਜਾਵੇ ਤੇ ਇਹ ਮੰਗ ਪੂਰੀ ਕਰਕੇ ਮੁਸਲਿਮ ਭਾਈਚਾਰੇ ਨੂੰ ਇਹ ਈਦ ਦਾ ਤੋਹਫਾ ਦੇ ਰਿਹਾ ਹਾਂ। ਹਾਲਾਂਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਂਣ ਤੋਂ ਬਾਅਦ ਯੂਪੀ ਦੇ ਸੀਐਮ ਯੋਗੀ ਵੱਲੋਂ ਇਤਰਾਜ਼ ਵੀ ਜਤਾਇਆ ਗਿਆ ਸੀ ਜਿਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਯੋਗੀ ਨੂੰ ਟਵੀਟ ਕਰਕੇ ਕਰਾਰਾ ਜਵਾਬ ਦਿੰਦੀਆਂ ਕਿਹਾ ਸੀ ਕਿ ਤੁਸੀਂ ਆਪਣੇ ਜ਼ਿਲ੍ਹੇ ਦੀ ਫਿਕਰ ਕਰੋ ਪੰਜਾਬ ਚ ਦਖਲਅੰਦਾਜ਼ੀ ਨਾ ਦਿਉ।
ਹੁਣ ਕੇਂਦਰੀ ਮੰਤਰੀ ਵੱਲੋਂ ਫਗਵਾੜਾ ਨੂੰ ਜ਼ਲਿ੍ਹਾ ਬਣਾਉਣ ਦੀ ਮੰਗ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਤਾਂ ਲਿਖੀ ਗਈ ਹੈ ਪਰ ਦੇਖਣ ਵਾਲੀ ਗੱਲ ਰਹੇਗੀ ਕਿ ਆਖਿਰ ਇਸ ਚਿੱਠੀ ਦਾ ਜਵਾਬ ਕੀ ਆਉਂਦਾ ਹੈ।
ਇਹ ਵੀ ਪੜੋ: ਦਬਾਅ ਹੇਠ ਸਰਕਾਰ! ਕਿਸਾਨਾਂ ਦਾ ਸਿਰ ਭੰਨਣ ਦਾ ਹੁਕਮ ਦੇਣ ਵਾਲੇ SDM ’ਤੇ ਹੋਵੇਗੀ ਕਾਰਵਾਈ? ਜਾਣੋ ਅੰਦਰ ਕੀ ਚਲ ਰਿਹਾ ਹੈ