ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਤਲਖੀ ਟਿੱਪਣੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਅਤੇ ਸਲਾਹ ਦਿੰਦੇ ਨਜਰ ਆਉਣ ਲੱਗੇ ਹਨ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਹਿਣਾ ਚਾਹੀਦਾ ਹੈ ਕਿ ਤੂੰ ਹੁਣ ਪ੍ਰਧਾਨ ਹੈ, ਛੇ ਮਹੀਨੇ ਬਾਅਦ ਜੋ ਵੀ ਹੋਵੇਗਾ, ਉਹ ਵੇਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਜੇ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਕੰਮ ਕਰਨ ਤਾਂ ਚੰਗੀ ਗੱਲ ਹੋਵੇਗੀ। ਮਾੜੇ ਮੋਟੇ ਮਤਭੇਦ ਚੱਲਦੇ ਰਹਿੰਦੇ ਹਨ ਪਰ ਜੇ ਭਾਂਡੇ ਖੜਕਣ ਲੱਗ ਪੈਣ ਤਾਂ ਉਹ ਪੰਜਾਬ ਲਈ ਵੀ ਨੁਕਸਾਨਦੇਹ ਹੈ।
ਸਿੱਧੂ ਦੇ ਸਲਾਹਕਾਰ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਬਹੁਤੇ ਚੱਕਰਾਂ ਵਿੱਚ ਨਾ ਪੈਣ ਅਤੇ ਜੋ ਸਮਾਂ ਬਚਿਆ ਹੈ, ਉਸ ਦੌਰਾਨ ਉਹ ਠੀਕ ਤਰੀਕੇ ਨਾਲ ਸਰਕਾਰ ਚਲਾ ਲੈਣ ਅਤੇ ਪੁਰਾਣਿਆਂ ਦੀ ਜਗ੍ਹਾ ਹੁਣ ਨਵੇਂ ਆਉਣਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਤੰਜ ਕੱਸਿਆ ਸੀ।