ਚੰਡੀਗੜ੍ਹ: ਸੋਮਵਾਲ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਮੰਤਰੀ ਵਜੋਂ ਨਿਯੁਕਤੀ ਲਈ ਲਾਬਿੰਗ ਕੀਤੀ, ਜਦੋਂ ਪਾਰਟੀ ਨੇ 2017 ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ।
ਪਾਕਿਸਤਾਨ 'ਚ ਰਹਿੰਦੇ ਇਮਰਾਨ ਖਾਨ ਅਤੇ ਨਵਜੋਤ ਦੇ ਬਹੁਤ ਕਰੀਬੀ ਦੋਸਤ
ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬੇਨਤੀ ਭੇਜੀ ਸੀ ਕਿ ਜੇਕਰ ਤੁਸੀਂ (ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੰਘ) ਸਿੱਧੂ ਨੂੰ ਆਪਣੀ ਕੈਬਨਿਟ 'ਚ ਲੈ ਸਕਦੇ ਹੋ ਤਾਂ ਮੈਂ ਧੰਨਵਾਦੀ ਹੋਵਾਂਗਾ, ਉਹ ਮੇਰੇ ਪੁਰਾਣੇ ਦੋਸਤ ਹਨ। ਜੇਕਰ ਉਹ ਕੰਮ ਨਹੀਂ ਕਰਦੇ, ਤਾਂ ਤੁਸੀਂ ਉਹਨਾਂ ਨੂੰ ਹਟਾ ਸਕਦੇ ਹੋ। ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੈਂ ਇਨਕਾਰ ਕਰ ਦਿੱਤਾ ਅਤੇ ਆਪਣੀ ਕੈਬਨਿਟ ਵਿੱਚੋਂ ਵੀ ਕੱਢ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਕਿਸੇ ਵੀ ਕੰਮ ਦਾ ਬੰਦਾ ਨਹੀਂ, ਉਹ ਬਿਲਕੁਲ ਨਾਕਾਮਯਾਬ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਮੈਂ 28 ਜੁਲਾਈ ਨੂੰ ਉਸ ਨੂੰ ਆਪਣੀ ਕੈਬਨਿਟ ਤੋਂ ਹਟਾ ਦਿੱਤਾ ਸੀ ਉਸ ਨੇ 70 ਦਿਨਾਂ ਤੱਕ ਫਾਈਲ 'ਤੇ ਦਸਤਖਤ ਨਹੀਂ ਕੀਤੇ।
ਜੇਕਰ ਨਵਜੋਤ ਸਿੱਧੂ ਗੜਬੜ ਕਰਦਾ ਹੈ ਤਾਂ ਉਸਨੂੰ ਮੰਤਰੀ ਮੰਡਲ ਵਿੱਚੋਂ ਕੱਢਣ ਦਾ ਮਿਲਿਆ ਸੀ ਸੰਦੇਸ਼
ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਕਿਹਾ ਕਿ ਮੈਂ ਤੁਰੰਤ ਇਹ ਸੰਦੇਸ਼ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਭੇਜ ਦਿੱਤਾ ਹੈ। ਮੈਨੂੰ ਸੋਨੀਆ ਤੋਂ ਕੋਈ ਜਵਾਬ ਨਹੀਂ ਮਿਲਿਆ ਪਰ ਪ੍ਰਿਯੰਕਾ ਨੇ ਵਾਪਸ ਲਿਖਿਆ, 'ਬੇਵਕੂਫ ਆਦਮੀ ਜੋ ਇਸ ਤਰ੍ਹਾਂ ਦੇ ਮੈਸੇਜ਼ ਕਰਵਾ ਰਿਹਾ ਹੈ। ਕੈਪਟਨ ਨੇ ਮੀਡੀਆ ਨੂੰ ਦੱਸਿਆ ਕਿ ਮੈਨੂੰ ਭੇਜੇ ਗਏ ਸੰਦੇਸ਼ ਵਿੱਚ ਇਹ ਵੀ ਸਲਾਹ ਦਿੱਤੀ ਗਈ ਸੀ ਕਿ ਉਸ ਨੂੰ ਮੰਤਰੀ ਬਣਾਇਆ ਜਾਵੇ ਅਤੇ ਜੇਕਰ ਉਹ ਕਦੇ ਗੜਬੜ ਕਰਦਾ ਹੈ ਤਾਂ ਉਸ ਨੂੰ ਮੰਤਰੀ ਮੰਡਲ ਵਿੱਚੋਂ ਵੀ ਕੱਢ ਦਿੱਤਾ ਜਾਵੇ।
ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਬਾਰੇ ਮੰਗੀ ਸੀ ਫੀਡਬੈਕ
ਮੀਡੀਆ ਅਨੁਸਾਰ ਕੈਪਟਨ ਨੇ ਕਿਹਾ ਕਿ ਅਜਿਹਾ ਮੈਸੇਜ਼ ਦੇਖ ਕੇ ਨਵਜੋਤ ਸਿੱਧੂ ਦਾ ਪਾਕਿਸਤਾਨ ਪ੍ਰਤੀ ਪਿਆਰ ਅਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਮੇਰਾ ਖਦਸ਼ਾ ਹੋਰ ਪੱਕਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2017 'ਚ ਜਿਸ ਦਿਨ ਨਵਜੋਤ ਸਿੱਧੂ ਦੇ ਕਾਂਗਰਸ 'ਚ ਦਾਖਲੇ ਨੂੰ ਲੈ ਕੇ ਮੇਰੇ ਅਤੇ ਸੋਨੀਆ ਗਾਂਧੀ ਵਿਚਕਾਰ ਮੁੱਢਲੀ ਪੱਧਰ 'ਤੇ ਚਰਚਾ ਹੋਈ ਸੀ, ਉਦੋਂ ਮੇਰਾ ਫੀਡਬੈਕ ਸੀ ਕਿ ਸਿੱਧੂ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਇਹ ਫੀਡਬੈਕ ਵੀ ਇੱਕ ਘਟਨਾ 'ਤੇ ਆਧਾਰਿਤ ਸੀ। ਅਸਲ ਵਿੱਚ ਜਦੋਂ ਸਿੱਧੂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਤਾਂ ਮੈਨੂੰ ਸੋਨੀਆ ਗਾਂਧੀ ਦਾ ਫੋਨ ਆਇਆ ਕਿ ਤੁਸੀਂ ਨਵਜੋਤ ਨੂੰ ਮਿਲੋ ਅਤੇ ਮੈਨੂੰ ਇਸ ਬਾਰੇ ਫੀਡਬੈਕ ਦਿਓ। ਫ਼ੋਨ 'ਤੇ ਮੇਰਾ ਪਹਿਲਾ ਜਵਾਬ ਸੀ 'ਉਹ ਇੱਕ ਚੰਗਾ ਲੜਕਾ ਅਤੇ ਕ੍ਰਿਕਟਰ ਹੈ।' ਇਸ ਤਰ੍ਹਾਂ ਮੈਂ ਉਸ ਬਾਰੇ ਚੰਗੀ ਫੀਡਬੈਕ ਦਿੱਤੀ ਸੀ।
ਨਵਜੋਤ ਸਿੱਧੂ ਦਿਮਾਗੀ ਤੌਰ ਤੇ ਨਹੀਂ ਹੈ ਠੀਕ, ਪਾਰਟੀ ਨੂੰ ਕਰ ਦੇਣਗੇ ਬਰਬਾਦ
ਮੀਡੀਆ ਦੇ ਕਹਿਣ ਮੁਤਬਿਕ ਕੈਪਟਨ ਨੇ ਕਿਹਾ ਕਿ ਮੈਂ ਸਿੱਧੂ ਨੂੰ ਫੋਨ ਕਰਕੇ ਦਿੱਲੀ ਦੇ ਇੰਪੀਰੀਅਲ ਹੋਟਲ 'ਚ ਲੰਚ ਲਈ ਬੁਲਾਇਆ ਸੀ। ਅਸੀਂ ਇੱਕ ਬੰਦ ਕਮਰੇ ਵਿੱਚ ਮਿਲੇ, ਜਿਵੇਂ ਹੀ ਮੀਟਿੰਗ ਸ਼ੁਰੂ ਹੋਈ ਤਾਂ ਸਿੱਧੂ ਨੇ ਆਪਣੀ ਜੇਬ ਵਿੱਚੋਂ ਸ਼ਿਵਲਿੰਗ ਕੱਢ ਕੇ ਮੇਜ਼ ਉੱਤੇ ਰੱਖ ਦਿੱਤਾ ਅਤੇ ਕਿਹਾ ਕਿ ਮੈਂ ਰੋਜ਼ਾਨਾ ਛੇ ਘੰਟੇ ਸਿਮਰਨ ਕਰਦਾ ਹਾਂ ਅਤੇ ਤਿੰਨ ਘੰਟੇ ਸਿੱਧਾ ਪ੍ਰਮਾਤਮਾ ਨਾਲ ਗੱਲ ਕਰਦਾ ਹਾਂ। ਉਹ ਬੋਲਦਾ ਰਿਹਾ ਤੇ ਮੈਂ ਸੁਣਦਾ ਰਿਹਾ। ਫਿਰ ਮੈਂ ਪੁਛਿਆ ਕਿ ਰੱਬ ਨਾਲ ਉਸ ਦੀਆਂ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਹਨ, ਅਤੇ ਉਸ ਦਾ ਕਿਹੋ ਜਿਹਾ ਰਿਸ਼ਤਾ ਹੈ, ਤਾਂ ਉਸਦਾ ਜਵਾਬ ਕੁਝ ਇਸ ਤਰ੍ਹਾਂ ਸੀ.. ਜਿਵੇਂ,.. ਪੰਜਾਬ ਵਿਚ ਇਸ ਵਾਰ ਫਸਲ ਕਿਵੇਂ ਹੋਵੇਗੀ, ਕਿੰਨੀ ਬਾਰਿਸ਼ ਹੋਵੇਗੀ.. ਆਦਿ, ਆਦਿ। ਇਸ ਤੋਂ ਤੁਰੰਤ ਬਾਅਦ ਮੈਂ ਸੋਨੀਆ ਗਾਂਧੀ ਨੂੰ ਫੀਡਬੈਕ ਭੇਜਿਆ ਕਿ ਇਹ ਲੜਕਾ ਦਿਮਾਗੀ ਤੌਰ 'ਤੇ ਬਿਲਕੁਲ ਵੀ ਸਥਿਰ ਨਹੀਂ ਹੈ, ਪਾਰਟੀ ਨੂੰ ਬਰਬਾਦ ਕਰ ਦੇਣਗੇ। ਉਸ ਤੋਂ ਬਾਅਦ ਕੀ ਹੋਇਆ ਅਤੇ ਅੱਜ ਕਾਂਗਰਸ ਵਿਚ ਜੋ ਕੁਝ ਹੋ ਰਿਹਾ ਹੈ, ਉਹ ਹੁਣ ਸਭ ਦੇ ਸਾਹਮਣੇ ਹੈ।
ਮੀਡੀਆ ਦੇ ਕਹਿਣ ਮੁਤਾਬਿਕ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਨਾਲ ਵਪਾਰ 'ਤੇ ਵਾਰ-ਵਾਰ ਜ਼ੋਰ ਦੇਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹੁਣ ਸੰਭਵ ਨਹੀਂ ਹੈ। 2002 ਵਿਚ ਮੈਂ ਖੁਦ ਪਾਕਿਸਤਾਨ ਨਾਲ ਵਪਾਰ ਵਧਾਉਣ ਦਾ ਸਭ ਤੋਂ ਵੱਡਾ ਵਕੀਲ ਸੀ, ਪਰ ਇਨ੍ਹਾਂ ਵੀਹ ਸਾਲਾਂ ਵਿਚ ਚੀਨ ਅਤੇ ਅਫਗਾਨਿਸਤਾਨ ਵਿਚ ਤਾਲਿਬਾਨ ਕਾਰਨ ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਜਿਸ ਤਰ੍ਹਾਂ ਬਦਲੇ ਹਨ, ਸਾਰੇ ਸਮੀਕਰਨ ਅਤੇ ਹਾਲਾਤ ਬਦਲ ਗਏ ਹਨ। ਪਾਕਿਸਤਾਨ ਹਰ ਰੋਜ਼ ਸਾਡੇ ਜਵਾਨਾਂ ਨੂੰ ਮਾਰਦਾ ਹੈ ਜੋ ਸਿਰਫ਼ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਹਨ। ਅਜਿਹੇ 'ਚ ਬਦਲੇ ਹੋਏ ਮਾਹੌਲ 'ਚ ਵਪਾਰ ਜਾਂ ਸਬੰਧਾਂ ਨੂੰ ਵਧਾਉਣ ਦੇ ਨਾਂ 'ਤੇ ਦੇਸ਼ ਦੀ ਸੁਰੱਖਿਆ ਨੂੰ ਦਾਅ 'ਤੇ ਨਹੀਂ ਲਗਾਇਆ ਜਾ ਸਕਦਾ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਕੇਜਰੀਵਾਲ ਦੇ CM ਚਿਹਰੇ ਬਾਰੇ ਕੀਤੇ ਵੱਡੇ ਖੁਲਾਸੇ