ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ (Chandigarh City) ਹੁਣ ਔਰਤਾਂ ਲਈ ਸੁਰੱਖਿਅਤ ਨਹੀਂ ਹੈ। ਚੰਡੀਗੜ੍ਹ ਸ਼ਹਿਰ 'ਚ ਔਰਤ ਸਵੇਰੇ 6 ਵਜੇ ਸੈਰ ਕਰਨ ਲਈ ਨਿਕਲੀ ਸੀ। ਇੱਕ ਬਾਈਕ ਸਵਾਰ ਨੇ ਔਰਤ ਨਾਲ ਛੇੜਛਾੜ ਕੀਤੀ ਅਤੇ ਧੱਕੇ ਵੀ ਮਾਰੇ। ਜਿਸ ਔਰਤ ਨਾਲ ਇਹ ਛੇੜਛਾੜ ਦੀ ਘਟਨਾ ਵਾਪਰੀ ਸੀ, ਉਹ ਬ੍ਰਿਟਿਸ਼ ਡਿਪਲੋਮੈਟ (British Diplomat) ਦੱਸੇ ਜਾ ਰਹੇ ਹਨ। ਇਹ ਘਟਨਾ ਬੁੱਧਵਾਰ ਸਵੇਰੇ 6 ਵਜੇ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੀੜਤ ਔਰਤ ਸਵੇਰ ਦੀ ਸੈਰ ਕਰਨ ਸੈਕਟਰ -9 ਤੋਂ ਸੈਕਟਰ -10 ਸਥਿਤ ਲਾਅਨ ਟੈਨਿਸ ਐਸੋਸੀਏਸ਼ਨ ਕੰਪਲੈਕਸ ਵੱਲ ਜਾ ਰਹੀ ਸੀ। ਉਸੇ ਵੇਲੇ ਇੱਕ ਮੋਟਰਸਾਈਕਲ ਸਵਾਰ ਬਦਮਾਸ਼ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਉਸਨੂੰ ਧੱਕਾ ਦੇ ਦਿੱਤਾ। ਔਰਤ ਨੇ ਦੋਸ਼ ਲਗਾਇਆ ਹੈ ਕਿ ਨੌਜਵਾਨ ਨੇ ਉਸ ਨੂੰ ਪਿੱਛੇ ਤੋਂ ਛੂਹਿਆ ਵੀ ਹੈ। ਇਸ ਦੌਰਾਨ ਉਹ ਦੋਸ਼ੀ ਦੇ ਪਿੱਛੇ ਭੱਜੀ, ਪਰ ਉਹ ਉਦੋਂ ਤੱਕ ਭੱਜ ਚੁੱਕਾ ਸੀ। ਪੀੜ੍ਹਤ ਔਰਤ ਚੰਡੀਗੜ੍ਹ ਦੇ ਸੈਕਟਰ 9 ਵਿੱਚ ਰਹਿੰਦੀ ਹੈ।
ਇਸ ਘਟਨਾ ਦੇ ਬਾਅਦ ਔਰਤ ਨੇ ਸੈਕਟਰ -3 ਵਿੱਚ ਆਈਪੀਸੀ ਦੀ ਧਾਰਾ 354-ਏ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਪੀੜ੍ਹਤ ਔਰਤ ਨੇ ਦੱਸਿਆ ਕਿ ਉਹ ਇੱਕ ਸੀਨੀਅਰ ਬ੍ਰਿਟਿਸ਼ ਡਿਪਲੋਮੈਟ ਹੈ ਅਤੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਵਿੱਚ ਕੰਮ ਕਰਦੀ ਹੈ। ਇਸ ਘਟਨਾ ਤੋਂ ਬਾਅਦ ਔਰਤ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਕੋਲ ਵੀ ਸ਼ਿਕਾਇਤ ਕੀਤੀ ਹੈ। ਜਿਸ ਤੋਂ ਬਾਅਦ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 354-ਏ ਦੇ ਤਹਿਤ ਸੈਕਟਰ -3 ਥਾਣੇ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਵੀਡੀਓ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:- ਅਣਪਛਾਤੇ ਬਦਮਾਸ਼ਾਂ ਨੇ ਮੋਟਰਸਾਈਕਲ ਸਵਾਰ ਨੂੰ ਉਤਾਰਿਆ ਮੌਤ ਦੇ ਘਾਟ