ਚੰਡੀਗੜ੍ਹ: ਸੂਬੇ ’ਚ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਲਈ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਰਿਹਾਇਸ਼ ਦਾ ਰੋਡਵੇਜ਼ ਮੁਲਾਜ਼ਮ ਯੂਨੀਅਨਾਂ ਵੱਲੋਂ ਘਿਰਾਓ ਕੀਤਾ ਜਾਵੇਗਾ।
ਇਸ ਦੌਰਾਨ ਪ੍ਰਦਾਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਸਰਕਾਰ ਨਵੀਂਆਂ-ਨਵੀਂਆਂ ਸਕੀਮਾਂ ਲਾਗੂ ਕਰ ਰਹੀ ਹੈ ਪਰ ਇਨ੍ਹਾਂ ਦਾ ਫ਼ਾਇਦਾ ਤਾਂ ਹੀ ਹੋਵੇਗਾ ਜਦੋਂ ਰੋਡਵੇਜ਼ ਦੀਆਂ ਬੱਸਾਂ ਚੱਲਣਗੀਆਂ ਅਤੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਉਹ ਸੰਘਰਸ਼ ਕਰਦੇ ਆ ਰਹੇ ਹਨ, ਸਰਕਾਰਾਂ ਬਦਲਦੀਆਂ ਰਹੀਆਂ ਪਰ ਉਨ੍ਹਾਂ ਦੇ ਹਾਲਾਤ ਨਹੀਂ ਬਦਲੇ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਸਰਕਾਰੀ ਬੱਸਾਂ ਨੂੰ ਚੰਗੇ ਰੂਟ ਮਿਲਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਬੱਸ ਸਟੈਂਡ ਦੇ ਵਿੱਚ ਸਮਾਂ ਮਿਲਦਾ ਹੈ ਤਾਂ ਜੋ ਸਵਾਰੀਆਂ ਚੜ੍ਹਾ ਸਕਣ। ਜਿਸ ਕਾਰਨ ਪੰਜਾਬ ਰੋਡਵੇਜ਼ ਘਾਟੇ ’ਚ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ 11 ਤਰੀਕ ਤੋਂ 13 ਤੱਕ, ਤਿੰਨ ਦਿਨਾਂ ਲਈ ਰੋਡਵੇਜ਼ ਦਾ ਚੱਕਾ ਜਾਮ ਰਹੇਗਾ। ਪ੍ਰਦਰਸ਼ਨਕਾਰੀਆਂ ਕਿਹਾ ਕਿ ਸਰਕਾਰ ਹੁਣ ਮਹਿਲਾਵਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੀ ਗੱਲ ਕਹਿ ਰਹੀ ਹੈ ਲੇਕਿਨ ਬੱਸਾਂ ਚਲਾਉਣ ਵਾਲਿਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ।