ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈਪੀਐਸ ਅਧਿਕਾਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫ਼ਾ ਨਾ-ਮਨਜੂਰ ਕਰ ਦਿੱਤਾ ਹੈ। ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀਆਂ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀ) ਦੀ ਅਗਵਾਈ ਕਰ ਰਹੇ ਸਨ, ਜਿਨ੍ਹਾਂ ਨੂੰ ਬੀਤੇ ਦਿਨ ਹਾਈਕੋਰਟ ਵੱਲੋਂ ਨਵੀਂ ਜਾਂਚ ਟੀਮ ਦੇ ਗਠਨ ਦਾ ਆਦੇਸ਼ ਕਰਦੇ ਹੋਏ ਉਸ ਤੋਂ ਵੱਖ ਕਰਨ ਲਈ ਕਿਹਾ ਸੀ। ਇਸ ਪਿੱਛੋਂ ਮੰਗਲਵਾਰ ਨੂੰ ਉਨ੍ਹਾਂ ਮੁੱਖ ਮੰਤਰੀ ਨੂੰ ਸਵੈ-ਇਛੁੱਕ ਸੇਵਾਮੁਕਤੀ ਲਈ ਪੱਤਰ ਲਿਖਿਆ ਸੀ।
ਅਸਤੀਫ਼ਾ ਨਾ-ਮਨਜੂਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਸਮਰੱਥ ਅਤੇ ਕੁਸ਼ਲ ਅਧਿਕਾਰੀ ਹਨ, ਜਿਨ੍ਹਾਂ ਦੀਆਂ ਸੇਵਾਵਾਂ ਸਰਹੱਦੀ ਰਾਜ ਵਿਚ ਲੋੜੀਂਦੀਆਂ ਸਨ। ਖ਼ਾਸਕਰ ਉਸ ਸਮੇਂ ਜਦੋਂ ਪੰਜਾਬ ਨੂੰ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੀਆਂ ਕਈ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਕੈਪਟਨ ਨੇ ਕਿਹਾ ਕਿ ਰਾਜ ਨੂੰ ਉਸ ਅਧਿਕਾਰੀ ਦੀ ਮੁਹਾਰਤ ਅਤੇ ਤਜ਼ੁਰਬੇ ਦੀ ਜ਼ਰੂਰਤ ਹੈ ਜਿਸਨੇ ਪੰਜਾਬ ਪੁਲਿਸ ਨੂੰ ਵੱਖ ਵੱਖ ਮਹੱਤਵਪੂਰਣ ਅਹੁਦਿਆਂ 'ਤੇ ਅਸਾਧਾਰਣ ਸੇਵਾ ਵਿਚ ਯੋਗਦਾਨ ਪਾਇਆ ਹੈ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਕੁਸ਼ਲ, ਕਾਬਲ ਅਤੇ ਦਲੇਰ ਅਧਿਕਾਰੀ ਵਜੋਂ ਵਰਣਨ ਕਰਦਿਆਂ ਇਕ ਮਿਸਾਲੀ ਟਰੈਕ ਰਿਕਾਰਡ ਦੱਸਿਆ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉੱਤੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਐਸਆਈਟੀ ਮੁਖੀ ਵਜੋਂ ਹਟਾਉਣ ਜਾਂ ਕੇਸ ਦੀ ਜਾਂਚ ਰੱਦ ਕਰਨ ਦੀ ਕੋਸ਼ਿਸ਼ ਕਰਨ ਵਾਲੀ ਅਦਾਲਤ ਦੇ ਕਿਸੇ ਵੀ ਫੈਸਲੇ ਨੂੰ ਪੰਜਾਬ ਸਰਕਾਰ ਸੁਪਰੀਮ ਵਿੱਚ ਚੁਣੌਤੀ ਦੇਵੇਗੀ।
ਹਾਈਕੋਰਟ ਦੇ ਫ਼ੈਸਲੇ ਵਿਰੁੱਧ ਕੋਟਕਪੂਰਾ 'ਚ ਧਰਨਾ
ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰਨ ਵਾਲੇ IPS ਅਧਿਕਾਰੀ IG ਕੁਵਰ ਵਿਜੇ ਪ੍ਰਤਾਪ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦਾ ਪਤਾ ਚਲਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ਵੱਲੋਂ ਬੀਤੇ ਦਿਨੀ IG ਕੁਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸੇਸ ਜਾਂਚ ਟੀਮ ਵਲੋਂ ਕੀਤੀ ਗਈ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਰਿਪੋਰਟ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਦੇ ਚਲਦੇ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਮੰਗਲਵਾਰ ਨੂੰ ਪੀੜਤ ਪਰਿਵਾਰਾਂ ਅਤੇ ਸਿੱਖ ਸੰਗਤਾਂ ਵੱਲੋਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਇਕ ਨਿੱਜੀ ਟੀਵੀ ਚੈਨਲ ਨੂੰ ਆਪਣੀ ਇੰਟਰਵਿਊ ਦੌਰਾਨ ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਮੁੰਡੇ ਸੁਖਰਾਜ ਸਿੰਘ ਨੇ ਆਈਜੀ ਕੁਵਰ ਵਿਜੇ ਪ੍ਰਤਾਪ ਵਲੋਂ ਨੌਕਰੀ ਤੋਂ ਅਸਤੀਫਾ ਦੇਣ ਦਾ ਖੁਲਾਸਾ ਕੀਤਾ।