ਚੰਡੀਗੜ੍ਹ: ਸ਼ਹਿਰ ਦੇ ਸੈਕਟਰ 36 ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸੈਕਟਰ 36 ਦੇ ਮਕਾਨ ਨੰਬਰ 1588 'ਚ 94 ਸਾਲਾ ਸੇਵਾਮੁਕਤ ਮੇਜਰ ਹਰਚਰਨ ਸਿੰਘ ਅਤੇ ਉਨ੍ਹਾਂ ਦੀ 58 ਸਾਲਾ ਬੇਟੀ ਜੀਵਨਜੋਤ ਬੇਹੱਦ ਅਜੀਬ ਹਾਲਤ 'ਚ ਮਿਲੇ ਹਨ ਕਿਉਂਕਿ ਦੋਵਾਂ ਨੇ ਕਈ ਸਾਲ ਪਹਿਲਾਂ ਇਸ ਘਰ ਵਿੱਚ ਆਪਣੇ ਆਪ ਨੂੰ ਕੈਦ ਕਰ ਲਿਆ ਸੀ। ਇਸ ਘਰ ਦੇ ਅੰਦਰ ਵੱਡੇ-ਵੱਡੇ ਦਰੱਖਤ ਅਤੇ ਝਾੜੀਆਂ ਉੱਗ ਗਈਆਂ ਸਨ, ਘਰ ਵਿੱਚ ਬਿਜਲੀ ਦਾ ਕੁਨੈਕਸ਼ਨ ਨਹੀਂ ਸੀ, ਲੋਕ ਇਸ ਘਰ ਨੂੰ ਭੂਤ ਦਾ ਬੰਗਲਾ ਕਹਿਣ ਲੱਗ ਪਏ ਸਨ ਕਿਉਂਕਿ ਘਰ ਦੇ ਅੰਦਰ ਜੰਗਲ ਸੀ ਅਤੇ ਰੌਸ਼ਨੀ ਨਾਮ ਦੀ ਕੋਈ ਚੀਜ਼ ਨਹੀਂ ਸੀ।
ਸੇਵਾਮੁਕਤ ਮੇਜਰ ਦੀ ਧੀ ਜੀਵਨਜੋਤ ਦੋ ਮਹੀਨਿਆਂ ਵਿੱਚ ਕਈ ਵਾਰ ਘਰੋਂ ਬਾਹਰ ਨਿਕਲਦੀ ਸੀ ਅਤੇ ਬੋਰੀਆਂ ਭਰ ਕੇ ਰਾਸ਼ਨ ਦਾ ਸਮਾਨ ਲੈ ਕੇ ਆਉਂਦੀ ਸੀ। ਮੇਜਰ ਅਤੇ ਉਸ ਦੀ ਬੇਟੀ ਦੋਵੇਂ ਕਾਫੀ ਬੁਰੀ ਹਾਲਤ 'ਚ ਪਾਏ ਗਏ ਹਨ, ਜਦਕਿ ਘਰ ਦੀ ਹਾਲਤ ਵੀ ਖਰਾਬ ਹੋਈ ਵਿਖਾਈ ਦੇ ਰਹੀ ਹੈ। ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਬਚਾ ਕੇ ਘਰੋਂ ਬਾਹਰ ਕੱਢਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਹੈ ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। 58 ਸਾਲਾ ਧੀ ਮਾਨਸਿਕ ਤੌਰ 'ਤੇ ਬਿਮਾਰ ਦੱਸੀ ਜਾ ਰਹੀ ਹੈ।
ਆਲੇ ਦੁਆਲੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਮੇਜਰ ਦੀ ਧੀ ਕਿਸੇ ਨੂੰ ਵੀ ਘਰ ਦੇ ਨੇੜੇ ਨਹੀਂ ਆਉਣ ਦਿੰਦੀ ਸੀ। ਜਾਣਕਾਰੀ ਅਨੁਸਾਰ ਜੇ ਕੋਈ ਸਫਾਈ ਕਰਮਚਾਰੀ ਘਰ ਦੇ ਬਾਹਰ ਸਫ਼ਾਈ ਕਰ ਰਿਹਾ ਹੁੰਦਾ ਸੀ ਤਾਂ ਉਹ ਉਸ ਨੂੰ ਵੀ ਭਜਾ ਦਿੰਦੀ ਸੀ। ਪੁਲਿਸ ਅਤੇ ਡਾਕਟਰਾਂ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਭਰਾ ਭਾਵ ਮੇਜਰ ਦਾ ਲੜਕਾ ਅਲੱਗ ਘਰ ਵਿੱਚ ਰਹਿ ਰਿਹਾ ਹੈ।
ਮੇਜਰ ਦੀ ਧੀ ਨੇ ਦੱਸਿਆ ਕਿ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਲੋਕ ਉਨ੍ਹਾਂ ਦੇ ਘਰ ਦੇ ਬਿਜਲੀ ਕੁਨੈਕਸ਼ਨ ਤੋਂ ਬਿਜਲੀ ਚੋਰੀ ਕਰਨ ਲੱਗ ਪਏ ਸਨ ਜਿਸ ਕਾਰਨ ਉਨ੍ਹਾਂ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ ਜਿਸਦੇ ਉਹ ਸਰਦੀ ਅਤੇ ਗਰਮੀ ਦੇ ਮੌਸਮ ਵਿੱਚ ਬਿਨ੍ਹਾਂ ਬਿਜਲੀ ਤੋਂ ਰਹਿ ਰਹੇ ਸਨ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੇਜਰ ਦੇ ਪੁੱਤਰ ਸਰਵਪ੍ਰੀਤ ਸਿੰਘ ਨੇ ਦੋਵਾਂ ਨੂੰ ਬਚਾਉਣ ਲਈ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਵੀ ਮੌਕੇ 'ਤੇ ਬੁਲਾਇਆ ਅਤੇ ਦੋਵਾਂ ਪਿਓ-ਧੀ ਨੂੰ ਉਥੋਂ ਕੱਢਿਆ ਗਿਆ। ਉਨ੍ਹਾਂ ਦੇ ਘਰ ਤੋਂ 2 ਪਾਲਤੂ ਕੁੱਤੇ ਵੀ ਮਿਲੇ ਹਨ।
ਲੋਕਾਂ ਦਾ ਕਹਿਣਾ ਸੀ ਕਿ ਸੇਵਾਮੁਕਤ ਮੇਜਰ ਕੋਲ 2 ਲਾਇਸੈਂਸੀ ਪਿਸਤੌਲ ਐੱਮ.ਬੀ. ਸੀ, ਇਸ ਕਾਰਨ ਲੋਕ ਉਸ ਦੇ ਘਰ ਜਾਣ ਤੋਂ ਡਰਦੇ ਸਨ ਕਿਉਂਕਿ ਮੇਜਰ ਬਹੁਤ ਗੁੱਸੇ ਵਾਲਾ ਵਿਅਕਤੀ ਹੈ, ਇਸ ਲਈ ਲੋਕ ਡਰਦੇ ਸਨ ਕਿ ਗੁੱਸੇ 'ਚ ਵੀ ਉਹ ਗੋਲੀ ਨਾ ਚਲਾ ਦੇਵੇ। ਹੁਣ ਦੋਵਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੇਟੀ ਜੀਵਨ ਜੋਤ ਨੂੰ ਸੈਕਟਰ-32 ਹਸਪਤਾਲ ਦੇ ਮਨੋਵਿਗਿਆਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਜੋ ਉਸ ਦੀ ਕਾਊਂਸਲਿੰਗ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਯੂਕਰੇਨ ’ਚ ਫਸੇ ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਤ