ਚੰਡੀਗੜ੍ਹ: ਦੇਸ਼ਾਂ-ਵਿਦੇਸ਼ਾਂ ’ਚ ਆਪਣੀ ਕਾਬਲੀਅਤ ਦੀ ਪਛਾਣ ਛੱਡਣ ਵਾਲੀ ਪੰਜਾਬ ਪੁਲਿਸ ਆਪਣੇ ਹੁਨਰ ਸਦਕਾਂ ਵੱਖਰੀ ਹੀ ਪਛਾਣ ਰੱਖਦੀ ਹੈ। ਜਿਥੇ ਪਠਾਨਕੋਟ ਬੰਬ ਧਮਾਕੇ ਤੋਂ ਲੈ ਕੇ ਕਈ ਹੋਰ ਬਹਾਦਰੀ ਦੇ ਕੰਮ ਕਰ ਪੰਜਾਬ ਪੁਲਿਸ ਚਰਚਾ ’ਚ ਰਹੀ ਤੇ ਹੁਣ ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਪੁਲਿਸ ਅਧਿਕਾਰੀ ਬਿਨਾ ਡਰ ਦੇ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਉਥੇ ਹੀ ਪੰਜਾਬ ਪੁਲਿਸ ਦੇ ਕੁਝ ਖਲਨਾਇਕ ਪੰਜਾਬ ਪੁਲਿਸ ਦਾ ਨਾਮ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ। ਸੂਬੇ ਵਿੱਚ ਕੁਝ ਕੁ ਹੀ ਦਿਨਾਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿਥੇ ਖਾਕੀ ਦਾਗਦਾਰ ਹੋਈ ਹੈ।
ਇਹ ਵੀ ਪੜੋ: ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਿਸ ਸਖ਼ਤ
ਤਾਜਾ ਮਾਮਲਾ ਬਠਿੰਡਾ ਦਾ ਹੈ ਜਿਥੇ ਖ਼ਾਕੀ ਇਕ ਵਾਰ ਫਿਰ ਦਾਗ਼ਦਾਰ ਹੁੰਦੀ ਨਜ਼ਰ ਆ ਰਹੀ ਹੈ। ਸੀਆਈਏ ਸਟਾਫ ਵਿੱਚ ਤਾਇਨਾਤ ਏਐਸਆਈ ਗੁਰਵਿੰਦਰ ਸਿੰਘ ਨੇ ਬਠਿੰਡਾ ਦਾ ਵਾਸੀ 20 ਸਾਲਾ ਨੌਜਵਾਨ ਉੱਤੇ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ। ਫਿਰ ਉਸ ਦੀ ਮਾਤਾ ਨਾਲ ਜ਼ਬਰਦਸਤੀ ਸੰਬੰਧ ਬਣਾਉਣ ਲਈ ਦਬਾਅ ਬਣਾਇਆ ਤੇ ਬੀਤੇ ਦਿਨੀਂ ਉਨ੍ਹਾਂ ਦੇ ਘਰ ਜਾ ਕੇ ਉਸ ਦੀ ਮਾਂ ਨਾਲ ਜ਼ਬਰਦਸਤੀ ਕੀਤੀ। ਮੌਕੇ ਉੱਤੇ ਪਹੁੰਚੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਮੌਕੇ ਉੱਤੇ ਹੀ ਫੜ ਲਿਆ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਏਐੱਸਆਈ ਗੁਰਵਿੰਦਰ ਸਿੰਘ ਵੱਲੋਂ ਪਹਿਲਾਂ ਵੀ ਇਸ ਪਰਿਵਾਰ ਉੱਤੇ ਨਜਾਇਜ਼ ਪਰਚਾ ਦਰਜ ਕੀਤਾ ਸੀ। ਉਸੇ ਦੀ ਆੜ ਵਿੱਚ ਇਹ ਇਸ ਔਰਤ ਨਾਲ ਜਬਰਦਸਤੀ ਸੰਬੰਧ ਬਣਾਉਣਾ ਚਾਹੁੰਦਾ ਸੀ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕਰ ਚੁੱਕਿਆ ਸੀ। ਇਸ ਮਾਮਲੇ ਉੱਤੇ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਉਹ ਏਐਸਆਈ ਖ਼ਿਲਾਫ਼ ਮਾਮਲਾ ਦਰਜ ਕਰ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਰਹੇ ਹਨ।
ਸਬਜ਼ੀ ਫੜੀ ਵਾਲੇ ਨਾਲ ਮਾੜਾ ਵਤੀਰਾ
ਉਥੇ ਹੀ ਕੁਝ ਦਿਨ ਪਹਿਲਾਂ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਸੀ ਜਿਥੇ ਗਸ਼ਤ ’ਤੇ ਨਿਕਲੇ ਪੰਜਾਬ ਪੁਲਸ ਮੁਲਾਜ਼ਮਾਂ ਨੇ ਰੇਹੜੀ ਵਾਲਿਆਂ ਦੀਆਂ ਸਬਜ਼ੀਆਂ ਚੁੱਕ-ਚੁੱਕ ਕੇ ਸੁੱਟ ਦਿੱਤੀਆਂ। ਕਪੂਰਛਲਾ ਵਿਖੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਕੀਤੀ ਗਈ ਇਸ ਗੁੰਡਾਗਰਦੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਬਿਲਕੁਲ ਸਾਫ਼ ਦਿੱਸ ਰਿਹਾ ਹੈ ਕਿ ਕਿਵੇਂ ਗੱਡੀ ਵਿਚੋਂ ਐੱਸ. ਐੱਚ. ਓ. ਬਾਹਰ ਨਿਕਲਦੇ ਹਨ ਅਤੇ ਸਬਜ਼ੀ ਲਗਾ ਕੇ ਬੈਠੇ ਇਕ ਰੇਹੜੀ ਵਾਲੇ ਦੀ ਰੇਹੜੀ ਲੱਤਾਂ ਮਾਰਦੇ ਹੋਏ ਸਬਜ਼ੀਆਂ ਹੇਠਾਂ ਸੁੱਟ ਦਿੰਦੇ ਹਨ। ਹਾਲਾਂਕਿ ਕਾਰਵਾਈ ਕਰਦੇ ਹੋਏ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ।
ਨਸ਼ੇ 'ਚ ਟੱਲੀ ਪੁਲਿਸ ਮੁਲਾਜ਼ਮ ਦੀ ਕਰਤੂਤ
ਗੁਰਦਾਸਪੁਰ ਤੋਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਥੇ ਬਟਾਲਾ ਪੁਲਿਸ ਦੇ ਏਐਸਆਈ ਰਾਜ ਕੁਮਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜੋ ਨਜ਼ਦੀਕੀ ਪਿੰਡ ਤਾਰਾਗੜ ਵਿੱਚ ਸ਼ਰਾਬ ਪੀ ਕੇ ਖਲਾਰਾ ਪਾ ਰਿਹਾ ਸੀ। ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਏਐਸਆਈ ਰਾਜ ਕੁਮਾਰ ਸ਼ਰੇਆਰ ਗਾਲ੍ਹਾ ਕੱਢ ਰਿਹਾ ਹੈ। ਹਾਲਾਂਕਿ ਇਸ ਦੀ ਵੀ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਪੁਲਿਸ ਵੱਲੋਂ ਇਸ ’ਤੇ ਵੀ ਕਾਰਾਵਈ ਕੀਤੀ ਗਈ ਸੀ।
ਫਗਵਾੜਾ 'ਚ ਵੀ ਨਸ਼ੇੜੀ ਪੁਲਿਸ ਵਾਲੇ ਦੀ ਕਰਤੂਤ
ਫਗਵਾੜਾ ਪੁਲਿਸ ਦੇ ਇੱਕ ਹੌਲਦਾਰ ਵੱਲੋਂ ਸ਼ਰਾਬ ਪੀ ਕੇ ਜਲੰਧਰ ਦੇ ਬਸ ਅੱਡੇ ਵਿੱਚ ਖੂਬ ਹੰਗਾਮਾ ਕੀਤਾ ਗਿਆ। ਹੰਗਾਮਾ ਉਦੋਂ ਹੋਇਆ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਚੂਰ ਇਸ ਮੁਲਾਜਮ ਨੇ ਬੱਸ ਅੱਡੇ ਵਿੱਚ ਗਲਤ ਹਰਕਤਾਂ ਦੇ ਨਾਲ ਨਾਲ ਓਥੇ ਮੌਜੂਦ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਧਮਕਾਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਓਥੇ ਮੌਜੂਦ ਲੋਕਾਂ ਨੇ ਇਸ ਮੁਲਾਜ਼ਮ ਨੂੰ ਫੜਕੇ ਇਹਨੂੰ ਬੱਸ ਸਟੈਂਡ ਪੁਲਿਸ ਚੌਂਕੀ ਦੇ ਹਵਾਲੇ ਕਰ ਦਿੱਤਾ । ਪਰ ਇਸ ਪੂਰੇ ਮਾਮਲੇ ਵਿੱਚ ਪੁਲਿਸ ਅਫਸਰ ਗੱਲ ਕਰਨ ਤੋਂ ਬਚ ਰਹੇ ਹਨ । ਹਾਲਾਂਕਿ ਕੱਲ੍ਹ ਹੋਏ ਐਸ.ਐਚ.ਓ ਦੇ ਮਾਮਲੇ ਵਿੱਚ ਪੰਜਾਬ ਦੇ ਡੀ.ਜੀ.ਪੀ ਦਿਨਕਾਰ ਗੁਪਤਾ ਨੇ ਐਸ.ਐਚ.ਓ ਨੂੰ ਤਾਂ ਸਸਪੈਂਡ ਕਰ ਦਿੱਤਾ। ਪਰ ਇਸ ਮੁਲਾਜ਼ਮ ਦੀ ਹਰਕਤ ਅਤੇ ਗਰੀਬ ਲੋਕਾਂ ਨੂੰ ਧਮਕਾਉਣ ਦੀ ਘਟਨਾ ਨੇ ਇੱਕ ਵਾਰ ਫੇਰ ਪੁਲਿਸ ਦੀ ਵਰਦੀ ਤੇ ਦਾਗ ਲੱਗਾ ਦਿੱਤਾ ਹੈ।
ਪੰਜਾਬ ਪੁਲਿਸ ਦੀ ਦਰਜੀ ਨਾਲ ਬਦਸਲੂਕੀ
ਦਰਜੀ ਦੀ ਬੰਦ ਦੁਕਾਨ ਨੂੰ ਖੁਲ੍ਹਵਾ ਕੇ ਉਸ ਦਾ ਬਿਨਾਂ ਮਾਸਕ ਦਾ ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਗਿਆ, ਇਹ ਵੀਡੀਓ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਦੁਕਾਨਦਾਰ ਦੇ ਮਾਰੇ ਥੱਪੜ
ਅੰਮ੍ਰਿਤਸਰ 'ਚ ਵੀ ਇੱਕ ਪੰਜਾਬ ਪੁਲਿਸ ਦੇ ਅਧਿਕਾਰੀ ਵਲੋਂ ਦੁਕਾਨਦਾਰ ਦੇ ਥੱਪੜ ਮਾਰੇ ਗਏ ਅਤੇ ਨਾਲ ਹੀ ਦੁਕਾਨ 'ਤੇ ਕੰਮ ਕਰ ਰਹੀ ਮਹਿਲਾ ਮੁਲਾਜ਼ਮ ਨਾਲ ਬਦਸਲੂਕੀ ਵੀ ਕੀਤੀ ਗਈ। ਸਾਰੀ ਘਟਨਾ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਨਾਲ ਲੱਗਦੇ ਪ੍ਰਤਾਪ ਬਾਜ਼ਾਰ ਦੀ ਹੈ। ਇਸ ਸਬੰਧੀ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਕਤ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਵੀ ਹੋ ਗਈ।
ਅੰਮ੍ਰਿਤਸਰ ’ਚ ਨੌਜਵਾਨਾਂ ਨਾਲ ਧਕਾਮੁੱਕੀ ਦੇ ਇਲਜ਼ਾਮ
ਅੰਮ੍ਰਿਤਸਰ ਦੇ ਰੇਲਵੇ ਫਾਟਕ ਨੇੜੇ ਲਗੇ ਇਕ ਟ੍ਰੈਫਿਕ ਪੁਲਿਸ ਦੇ ਨਾਕੇ ਦਾ ਹੈ ਜਿਥੇ ਗੱਡੀ ’ਚ ਜਾਂਦੇ ਤਿੰਨ ਨੋਜਵਾਨਾ ਦਾ ਪੁਲਿਸ ਵਲੋਂ ਇਹ ਕਹਿ ਕੇ ਚਲਾਨ ਕਟ ਦਿਤਾ ਗਿਆ ਕਿ ਉਹ ਕੋਵਿਡ-19 ਦੀਆ ਹਦਾਇਤਾਂ ਦੀਆ ਉਲੰਘਣਾ ਕਰਦਿਆ ਤਿੰਨ ਨੋਜਵਾਨ ਇਕੋ ਗੱਡੀ ਵਿਚ ਜਾ ਰਹੇ ਸਨ। ਪਰ ਜਦੋਂ ਨੌਜਵਾਨਾਂ ਵਲੋਂ ਕਿਹਾ ਗਿਆ ਕਿ ਕੋਲੋ ਲੰਘ ਰਹੀਆਂ ਬੱਸਾਂ ’ਚ ਅਤੇ ਸਰਕਾਰੀ ਅਧਿਕਾਰੀਆਂ ਦੀ ਗੱਡੀਆਂ ’ਚ ਵੀ ਗਾਇਡਲਾਇਨਜ਼ ਤੋਂ ਵੱਧ ਸਵਾਰੀਆਂ ਬੈਠੀਆਂ ਹਨ। ਉਨ੍ਹਾਂ ਨੂੰ ਟ੍ਰੈਫ਼ਿਕ ਮੁਲਾਜ਼ਮਾਂ ਵੱਲੋਂ ਨਜ਼ਰਅੰਦਾਜ ਕਰਦਿਆਂ ਸਿਰਫ਼ ਉਨ੍ਹਾਂ ਦਾ ਚਲਾਣ ਕੱਟਿਆ ਗਿਆ ਹੈ। ਇਸ ਸੰਬਧੀ ਗਲਬਾਤ ਕਰਦਿਆਂ ਪੀੜਤ ਨੌਜਵਾਨ ਹਿੰਮਤਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਤਰਨ ਤਾਰਨ ਤੋਂ ਗੱਡੀ ਵਿਚ ਆਪਣੇ ਤੀਸਰੇ ਸਾਥੀ ਦੇ ਇਲਾਜ ਲਈ ਅੰਮ੍ਰਿਤਸਰ ਪਹੁੰਚੇ ਸਨ, ਜਿਥੇ ਟ੍ਰੈਫਿਕ ਪੁਲਿਸ ਅਧਿਕਾਰੀ ਦਲਜੀਤ ਸਿੰਘ ਨੇ ਪਹਿਲਾ ਤਾਂ ਉਨ੍ਹਾਂ ਦੀ ਗੱਲ ਸੁਣੇ ਬਗੈਰ ਉਨ੍ਹਾਂ ਦਾ ਚਲਾਣ ਕੱਟ ਦਿਤਾ ਅਤੇ ਬਾਅਦ ’ਚ ਉਨ੍ਹਾਂ ਨਾਲ ਬਦਸਲੂਕੀ ਕਰਦਿਆ ਧੱਕਾ ਮੁੱਕੀ ਕੀਤੀ ਗਈ ਹੈ। ਜਿਸਦੇ ਰੋਸ ਵਜੋਂ ਉਨ੍ਹਾਂ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਇਸ ਟ੍ਰੈਫਿਕ ਪੁਲਿਸ ਅਧਿਕਾਰੀ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਪੰਜਾਬ 'ਚ ਕੰਮ ਕਰਨ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਸਿੱਧੀ ਨਾਂਹ !