ਚੰਡੀਗੜ੍ਹ: ਮੱਤੇਵਾੜਾ ਜੰਗਲਾਂ ਨੂੰ ਲੈ ਕੇ ਸਿਆਸਤ ਕਾਫੀ ਭਖੀ ਹੋਈ ਹੈ। ਇਸ ਸਬੰਧੀ ਖ਼ਬਰਾਂ ਨਸ਼ਰ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੱਤੇਵਾੜਾ ਜੰਗਲਾਂ ਨੂੰ ਉਜੜਨ ਨਹੀਂ ਦਿੱਤਾ ਜਾਵੇਗਾ।
ਸੀਐੱਮ ਨਾਲ ਕੀਤੀ ਜਾਵੇਗੀ ਗੱਲ: ਫੇਸਬੁੱਕ ’ਤੇ ਪਾਈ ਪੋਸਟ ’ਚ ਸੀਚੇਵਾਲ ਨੇ ਕਿਹਾ ਕਿ ਮੱਤੇਵਾੜਾ ਜੰਗਲ ਨਹੀ ਉਜੜੇਗਾ। ਫਿਲਹਾਲ ਫੈਸਲਾ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਹੈ। ਕੁਦਰਤ ਦਾ ਵਿਨਾਸ਼ ਕਰਕੇ ਕੋਈ ਵੀ ਤਰੱਕੀ ਨਹੀ ਕੀਤੀ ਜਾ ਸਕਦੀ। ਵਾਤਾਵਰਣ ਪੱਖ ਤੋਂ ਪੰਜਾਬ ਪਹਿਲਾਂ ਹੀ ਬਹੁਤ ਨਾਜ਼ੁਕ ਹਲਾਤਾਂ ਵਿਚੋਂ ਦੀ ਲੰਘ ਰਿਹਾ ਹੈ। ਪੰਜਾਬ ਵਿੱਚ ਜੰਗਲਾਤ ਦਾ ਰਕਬਾ 40 ਪ੍ਰਤੀਸ਼ਤ ਹੁੰਦਾ ਸੀ ਅੰਨੇਵਾਹ ਜੰਗਲਾਂ ਦੀ ਕੀਤੀ ਕਟਾਈ ਤੇ ਜੰਗਲਾਂ ਦੀਆਂ ਜ਼ਮੀਨਾਂ ਤੇ ਹੋਏ ਨਜਾਇਜ਼ ਕਬਜਿਆਂ ਕਾਰਨ ਸਾਡੇ ਕੋਲ ਜੰਗਲਾਂ ਹੇਠ ਰਕਬਾ ਸਿਰਫ 6% ਹੀ ਰਹਿ ਗਿਆ ਹੈ। ਜੋ ਕਿ ਪ੍ਰਤੀ ਵਿਅਕਤੀ 4 ਰੁੱਖ ਬਣਦੇ ਹਨ, ਜਦਕਿ 10 ਰੁੱਖ ਚਾਹੀਦੇ ਹਨ। ਮੱਤੇਵਾੜਾ ਦੇ ਜੰਗਲ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਵੀ ਗੱਲ ਕੀਤੀ ਜਾਵੇਗੀ।
ਕੀ ਹੈ ਪ੍ਰੋਜੈਕਟ?: ਦਰਅਸਲ ਪਿਛਲੀ ਕਾਂਗਰਸ ਸਰਕਾਰ ਵੱਲੋਂ ਮੱਤੇਵਾੜਾ ਵਿਖੇ ਟੈਕਸਟਾਈਲ ਪ੍ਰਾਜੈਕਟ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਦਾ ਭਗਵੰਤ ਮਾਨ ਖੁਦ ਵਿਰੋਧੀ ਪਾਰਟੀ ਹੋਣ ਦੇ ਦੌਰਾਨ ਖ਼ਿਲਾਫ਼ਤ ਕਰਦੇ ਰਹੇ ਪਰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੌਰਾਨ ਮੱਤੇਵਾੜਾ ਦੇ ਟੈਕਸਟਾਈਲ ਪਾਰਕ ਨੂੰ ਹਰੀ ਝੰਡੀ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਨੂੰ ਲੈ ਕੇ ਹੁਣ ਸਥਾਨਕ ਪਿੰਡ ਵਾਸੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਬਕਾਇਦਾ ਇਸ ਸਬੰਧੀ ਇੱਕ ਪਬਲਿਕ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਜਿਸ ਨੇ ਹੁਣ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
10 ਜੁਲਾਈ ਨੂੰ ਵੱਡਾ ਇਕੱਠ: ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਜੋ ਕਿ ਹਾਲ ਹੀ ਵਿੱਚ ਸੰਗਰੂਰ ਲੋਕਸਭਾ ਤੋਂ ਜਿੱਤੇ ਹਨ ਉਨ੍ਹਾਂ ਦੇ ਬੇਟੇ ਮੱਤੇਵਾੜਾ ਦੇ ਜੰਗਲਾਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਐਲਾਨ ਕੀਤਾ ਕਿ ਪਬਲਿਕ ਐਕਸ਼ਨ ਕਮੇਟੀ ਦੇ ਸਹਿਯੋਗ ਦੇ ਨਾਲ ਹੋਰ ਵਾਤਾਵਰਣ ਪ੍ਰੇਮੀਆਂ ਨਾਲ ਮਿਲ ਕੇ ਉਹ ਦਸ ਜੁਲਾਈ ਨੂੰ ਇੱਥੇ ਵੱਡੇ ਇਕੱਠ ਕਰਨਗੇ ਜਿਸ ਵਿੱਚ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਥੇ ਵਧ ਚੜ੍ਹ ਕੇ ਪਹੁੰਚਣ।
ਨਹੀਂ ਬਚੇ ਜੰਗਲ!: ਪੰਜਾਬ ਵਿੱਚ ਜੰਗਲਾਂ ਦੀ ਭਾਰੀ ਕਮੀ ਹੈ ਅਤੇ ਜੋ ਹਨ ਉਨ੍ਹਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 33 ਫ਼ੀਸਦੀ ਤੋਂ ਬਾਅਦ ਹੁਣ ਮਹਿਜ਼ 3.67 ਫ਼ੀਸਦੀ ਹੀ ਜੰਗਲ ਰਹਿ ਗਏ ਹਨ। ਖਾਸ ਕਰਕੇ ਮਾਛੀਵਾੜਾ ਮੱਤੇਵਾੜਾ ਜੰਗਲ ਸਿੱਖ ਗੁਰੂਆਂ ਦੇ ਨਾਲ ਵੀ ਸਬੰਧਤ ਰਹੇ ਹਨ ਅਤੇ ਇੱਥੇ ਹੁਣ ਟੈਕਸਟਾਈਲ ਪਾਰਕ ਨੂੰ ਲੈ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾ ਸਿਰਫ਼ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਸਗੋਂ ਵਿਰੋਧੀ ਪਾਰਟੀਆਂ ਵੀ ਇਸ ਦੇ ਖ਼ਿਲਾਫ਼ ਸਰਕਾਰ ਦੇ ਵਿਰੁੱਧ ਨਿੱਤਰ ਰਹੀਆਂ ਹਨ।
ਇਹ ਵੀ ਪੜੋੇ: ਰੋਪੜ ਪੁਲਿਸ ਕੋਲ 11 ਜੁਲਾਈ ਤੱਕ ਰਿਮਾਂਡ ’ਤੇ ਗੈਂਗਸਟਰ ਸੁਖਪ੍ਰੀਤ ਬੁੱਢਾ