ਮੋਹਾਲੀ: ਜ਼ਿਲ੍ਹੇ ਦੇ ਪ੍ਰਸਿੱਧ ਉੱਦਮੀਆਂ ਨਾਲ ਡਿਪਟੀ ਕਮਿਸ਼ਨਰ ਨੇ ਮੁਲਾਕਾਤ ਕੀਤੀ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਨਵੇਂ ਨਿਵੇਸ਼ ਨੂੰ ਖਿੱਚਣ ਅਤੇ ਸਨਅਤੀਕਰਨ ਲਈ ਸੂਬੇ ਦੀ ਸਮਰੱਥਾ ਜ਼ਾਹਰ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਮੋਹਾਲੀ ਵਿੱਚ 5 ਤੇ 6 ਦਸੰਬਰ ਨੂੰ ‘ਪੰਜਾਬ ਪ੍ਰੋਗਰੈਸਿਵ ਨਿਵੇਸ਼ਕ ਸੰਮੇਲਨ 2019’ ਕਰਵਾਇਆ ਜਾ ਰਿਹਾ ਹੈ।
ਦਿਆਲਨ ਨੇ ਦੱਸਿਆ ਕਿ ਇਸ ਸੰਮੇਲਨ ਦੀ ਤਿਆਰੀ ਵਜੋਂ ਜ਼ਿਲ੍ਹਾ ਪ੍ਰਸ਼ਾਸਨ 4 ਨਵੰਬਰ 2019 ਨੂੰ ਮੋਹਾਲੀ ਵਿੱਚ ਰੋਡ ਸ਼ੋਅ ਕਰਵਾਏਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸੰਮੇਲਨ ਦੀ ਤਿਆਰੀ ਲਈ ਮੋਹਾਲੀ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿੱਚ ਰੋਡ ਸ਼ੋਆਂ ਦੀ ਲੜੀ ਕਰਵਾਉਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਈਸਰ ਮੋਹਾਲੀ ਤੋਂ ਸ਼ੁਰੂ ਹੋਣ ਵਾਲੇ ਇਸ ਰੋਡ ਸ਼ੋਅ ਵਿੱਚ ਉਤਸ਼ਾਹ ਨਾਲ ਭਾਗ ਲੈਣ। ਇਸ ਮੌਕੇ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ਲਈ ਬਣਾਈ ਸਨਅਤੀ ਤੇ ਵਪਾਰ ਨੀਤੀ 2017 ਬਾਰੇ ਵਿਸਤਾਰ ਨਾਲ ਪੇਸ਼ਕਾਰੀ ਦਿੱਤੀ ਗਈ।