ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਨਾਲ ਸਬੰਧਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਸਨ। ਮੁਲਜ਼ਮਾਂ ਤੇ ਡੇਰਾ ਪ੍ਰੇਮੀ ਦੀ ਕਤਲ ਕਰਨ ਅਤੇ ਇਕ ਪੁਜਾਰੀ' ਤੇ ਹਮਲਾ ਕਰਨ ਦਾ ਵੀ ਇਲਜ਼ਾਮ ਹੈ। ਦੋਵੇਂ ਮੁਲਜ਼ਮਾਂ ਦੇ ਤਾਰ ਕੈਨੇਡਾ ਨਾਲ ਜੁੜੇ ਦੱਸੇ ਜਾ ਰਹੇ ਹਨ।
ਦੋਵੇਂ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਰਵੀ ਅਤੇ ਰਾਮ ਸਿੰਘ ਉਰਫ ਸੋਨੂੰ ਨੂੰ ਸ਼ਨੀਵਾਰ ਦੇਰ ਰਾਤ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਰੇਲਵੇ ਕਰਾਸਿੰਗ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਉਹ ਇਕ ਹੋਰ ਡੇਰਾ ਪ੍ਰੇਮੀ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਸਨ, ਪਰ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ ਸੀ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮ ਬੇਅਦਬੀ ਦੀ ਘਟਨਾ ਦੀ ਬਦਲਾ ਲੈਣ ਦੀ ਫਿਰਾਕ ਵਿੱਚ ਸਨ ਜਿਸਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ। ਮੁਲਜ਼ਮਾਂ ਕੋਲੋਂ ਤਿੰਨ ਮੈਗਜ਼ੀਨ ਤਿੰਨ 0.32 ਬੋਰ ਪਿਸਤੌਲ, 38 ਜਿੰਦਾ ਕਾਰਤੂਸ ਅਤੇ ਇਕ 0.315 ਬੋਰ ਪਿਸਤੌਲ, 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਨਿੱਝਰ ਤੋਂ ਇਲਾਵਾ ਕੇ.ਟੀ.ਐਫ. ਦੇ ਤਿੰਨ ਹੋਰ ਮਾਸਟਰਮਾਈਂਡ ਹਨ ਜਿਨ੍ਹਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬਿਹਲਾ ਵਜੋਂ ਕੀਤੀ ਗਈ ਹੈ, ਇਹ ਸਰੀ (ਬੀਸੀ) ਕੈਨੇਡਾ ਵਿੱਚ ਲੁਕੇ ਹੋਏ ਹਨ ਜਦਕਿ ਕਮਲਜੀਤ ਸ਼ਰਮਾ ਉਰਫ਼ ਕਮਲ ਹਾਲੇ ਫਰਾਰ ਹੈ।ਜਿਸਦੀ ਭਾਲ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਹੋਰ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਹੋਰ ਸਬੰਧਾਂ ਅਤੇ ਪਹਿਲਾਂ ਕੀਤੇ ਹੋਰ ਅਪਰਾਧਾਂ ਦਾ ਪਤਾ ਲਗਾਉਣ ਸਬੰਧੀ ਜਾਂਚ ਜਾਰੀ ਹੈ। ਫਰਾਰ ਮੁਲਜ਼ਮ ਕਮਲ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਨਿੱਜਰ ਵਿਰੁੱਧ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਅਤੇ ਕੁਝ ਸਮਾਂ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਵੱਲੋਂ “ਨੋ ਫਲਾਈ ਲਿਸਟ” ਵਿੱਚ ਵੀ ਉਸ ਨੂੰ ਸ਼ਾਮਲ ਕਰ ਦਿੱਤਾ ਗਿਆ ਸੀ, ਹੁਣ ਉਸ ਵਿਰੁੱਧ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤੇ ਜਾਣਗੇ ਅਤੇ ਕੈਨੇਡਾ ਅਧਾਰਤ ਹੋਰ ਕੱਟੜਪੰਥੀਆਂ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤੇ ਜਾਣਗੇ। ਡੀਜੀਪੀ ਗੁਪਤਾ ਨੇ ਕਿਹਾ ਕਿ ਸਰਕਾਰ ਮੁਕੱਦਮਾ ਚਲਾਉਣ ਅਤੇ ਅਪਰਾਧਿਕ ਕਾਰਵਾਈਆਂ ਲਈ ਉਨ੍ਹਾਂ ਨੂੰ ਭਾਰਤ ਭੇਜਣ ਦੀ ਅਪੀਲ ਵੀ ਕਰੇਗੀ।
ਇਹ ਵੀ ਪੜੋ:ASI ਭਗਵਾਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਮਦਦ ਦਾ ਐਲਾਨ