ਚੰਡੀਗੜ੍ਹ: ਕੋਰੋਨਾ ਮਰੀਜ਼ਾਂ ਦੀ ਵਧ ਰਹੀ ਸੰਖਿਆ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਅਗਲੇ ਦੱਸ ਦਿਨਾਂ ਵਿੱਚ ਆਪਣੇ ਹਸਪਤਾਲਾਂ 'ਚ ਬੈੱਡਾਂ ਦੀ ਸੰਖਿਆ ਨੂੰ 25 ਫ਼ੀਸਦੀ ਵਧਾਉਣ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਕੋਰੋਨਾ ਮਰੀਜ਼ਾਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਮੇਂ ਸੂਬੇ 'ਚ 227 ਮੀਟ੍ਰਿਕ ਟਨ ਆਕਸੀਜਨ ਮਿਲ ਰਹੀ ਹੈ ਅਤੇ ਸਰਕਾਰ ਵਲੋਂ ਕੇਂਦਰ ਅੱਗੇ ਮੰਗ ਕੀਤੀ ਗਈ ਹੈ ਕਿ ਪੰਜਾਬ ਨੂੰ 300 ਮੀਟ੍ਰਿਕ ਟਨ ਆਕਸੀਜਨ ਦਿੱਤੀ ਜਾਵੇ ਤਾਂ ਜੋ ਆਕਸੀਜਨ ਦੀ ਘਾਟ ਨਾਲ ਕਿਸੇ ਦੀ ਮੌਤ ਨਾ ਹੋਵੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਫੌਜ ਦੀ ਮੱਦਦ ਨਾਲ ਮੋਹਾਲੀ ਅਤੇ ਬਠਿੰਡਾ 'ਚ 100 ਬੈੱਡ ਦੇ ਦੋ ਹਸਪਤਾਲ ਤਿਆਰ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਹਸਪਤਾਲ ਦਾ ਢਾਂਚਾ ਪੰਜਾਬ ਸਰਕਾਰ ਤਿਆਰ ਕਰੇਗੀ ਅਤੇ ਡਾਕਟਰ ਅਤੇ ਹੋਰ ਸਟਾਫ਼ ਫੌਜ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ ।ਉਨ੍ਹਾਂ ਇਸ ਮੌਕੇ ਨਿੱਜੀ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਕਿ ਇਹ ਸਮਾਂ ਇੱਕ ਦੂਜੇ ਦੀ ਮੱਦਦ ਕਰਨ ਦਾ ਹੈ ਤਾਂ ਜੋ ਕਿਸੇ ਵੀ ਥਾਂ 'ਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਹਸਪਤਾਲ ਤਿਆਰ ਕਰਨਾ ਕੋਈ ਆਸਾਨ ਗੱਲ ਨਹੀਂ ਹੈ ਪਰ ਜੇਕਰ ਕੋਈ ਸਮਾਜ ਸੇਵੀ ਸੰਸਥਾ ਅੱਗੇ ਆਉਂਦੀ ਹੈ ਤਾਂ ਉਸ ਬਾਰੇ ਵਿਚਾਰ ਕੀਤਾ ਜਾਵੇਗਾ ।
ਇਹ ਵੀ ਪੜ੍ਹੋ:ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ