ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕਲੀ ਸ਼ਰਾਬ ਕਾਰਨ ਵਾਪਰੀ ਦੁਖਦਾਇਕ ਘਟਨਾ ’ਚ ਸ਼ਨੀਵਾਰ ਨੂੰ 7 ਆਬਕਾਰੀ ਤੇ ਕਰ ਅਧਿਕਾਰੀ ਤੇ ਇੰਸਪੈਕਟਰ ਅਤੇ ਪੰਜਾਬ ਪੁਲਿਸ ਦੇ 2 ਡੀ.ਐਸ.ਪੀਜ਼. ਅਤੇ ਚਾਰ ਐਸ.ਐਚ.ਓਜ਼. ਨੂੰ ਮੁਅੱਤਲ ਕਰਕੇ ਇਨ੍ਹਾਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਘਟਨਾ ਵਿੱਚ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਦਿਹਾਤੀ ਅਤੇ ਗੁਰਦਾਸਪੁਰ ਵਿੱਚ ਹੁਣ ਤੱਕ 86 ਵਿਅਕਤੀਆਂ ਦੀ ਜਾਨ ਚਲੀ ਗਈ।
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਬਹੁਤੇ ਤਰਨ ਤਾਰਨ ਨਾਲ ਸਬੰਧਤ ਹਨ ਜਿੱਥੇ 63 ਮੌਤਾਂ ਹੋਈਆਂ ਹਨ ਜਦਕਿ ਅੰਮ੍ਰਿਤਸਰ ਦਿਹਾਤੀ ਵਿੱਚ 12 ਅਤੇ ਗੁਰਦਾਸਪੁਰ (ਬਟਾਲਾ) ਵਿੱਚ 11 ਮੌਤਾਂ ਹੋਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਹੋਰਾਂ ਦੀ ਮਿਲੀਭੁਗਤ ਸਾਹਮਣੇ ਆਉਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਨਕਲੀ ਸ਼ਰਾਬ ਬਣਾਉਣ ਅਤੇ ਵੇਚਣ ਨੂੰ ਰੋਕਣ ਵਿੱਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਨਾਕਾਮੀ ਨੂੰ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਾਡੇ ਲੋਕਾਂ ਨੂੰ ਜ਼ਹਿਰ ਪਿਲਾਉਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਤਹੱਈਆ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜਿਹੜਾ ਵੀ ਨਕਲੀ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੈ, ਉਹ ਇਸ ਨੂੰ ਤੁਰੰਤ ਬੰਦ ਕਰ ਦੇਵੇ ਜਾਂ ਫੇਰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਦੋਸ਼ੀਆਂ ਦੀ ਭਾਲ ਕਰਨ ਅਤੇ ਇਸ ਕੇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ’ਤੇ ਦੋਸ਼ ਆਇਦ ਦੇ ਹੁਕਮ ਦਿੱਤੇ ਹਨ। ਇਸ ਕੇਸ ਵਿੱਚ ਉਨਾਂ ਨੇ ਬੀਤੇ ਦਿਨ ਹੀ ਡਵੀਜ਼ਨ ਕਮਿਸ਼ਨਰ ਨੂੰ ਮੈਜਿਸਟ੍ਰੀਅਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਜਿਨਾਂ ਨੂੰ ਇਕ ਮਹੀਨੇ ਦੇ ਵਿੱਚ ਆਪਣੀ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਰੇਕ ਪੰਜਾਬੀ ਦੀ ਜ਼ਿੰਦਗੀ ਬੇਸ਼ਕੀਮਤੀ ਹੈ ਅਤੇ ਕੁਝ ਅਪਰਾਧੀਆਂ ਦੀ ਲਾਲਸਾ ਦੀ ਭੁੱਖ ਮਿਟਾਉਣ ਲਈ ਉਹ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਨਹੀਂ ਪੈਣ ਦੇਣਗੇ।