ਚੰਡੀਗੜ੍ਹ: ਇੱਕ ਪਾਸੇ ਜਿੱਥੇ ਮੋਹਾਲੀ ਵਿਖੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਸ ਧਰਨੇ ਵਿਚਾਲੇ ਪੰਜਾਬ ਕੈਬਨਿਟ ਦੀ (Punjab Cabinet Meeting) ਅੱਜ ਅਹਿਮ ਮੀਟਿੰਗ ਹੋਣੀ ਹੈ। ਇਸ ਮੀਟਿੰਗ ਦੌਰਾਨ ਸੀਐੱਮ ਭਗਵੰਤ ਮਾਨ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਨਾਲ ਹੀ ਕਈ ਫੈਸਲਿਆਂ ’ਤੇ ਮੋਹਰ ਲੱਗ ਸਕਦੀ ਹੈ।
ਸਕੱਤਰੇਤ ਵਿਖੇ ਹੋਵੇਗੀ ਬੈਠਕ: ਮਿਲੀ ਜਾਣਕਾਰੀ ਮੁਤਾਬਿਕ ਸੀਐੱਮ ਮਾਨ ਦੀ ਇਹ ਕੈਬਨਿਟ ਮੀਟਿੰਗ ਸਵੇਰ 10.30 ਵਜੇ ਸਕੱਤਰੇਤ ਹੋਵੇਗੀ। ਕਿਸਾਨਾਂ ਦੇ ਧਰਨੇ ਵਿਚਾਲੇ ਇਹ ਮੀਟਿੰਗ ਕੀਤੀ ਜਾ ਰਹੀ ਹੈ।
ਇਸ ’ਤੇ ਲੱਗ ਸਕਦੀ ਹੈ ਕੈਬਨਿਟ ਦੀ ਮੋਹਰ: ਦੱਸ ਦਈਏ ਕਿ ਪੰਜਾਬ ’ਚ ਸੀਐੱਮ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਮੀਟਿੰਗ ਦੌਰਾਨ ਸਿੱਧੀ ਬਿਜਾਈ ’ਤੇ 1500 ਰੁਪਏ ਨੂੰ ਮਨਜ਼ੂਰੀ ਮਿਲ ਸਕਦੀ ਹੈ। ਜਦਕਿ ਇਸ ਸਬੰਧੀ ਸੀਐੱਮ ਮਾਨ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਹੈ।
ਸਿੱਧੀ ਬਿਜਾਈ ਦੇ ਲਈ ਕਿਸਾਨਾਂ ਨੂੰ ਅਪੀਲ: ਕਾਬਿਲੇਗੌਰ ਹੈ ਕਿ ਸੀਐੱਮ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੀਐੱਮ ਮਾਨ ਨੇ ਆਪਣੇ ਸੰਗਰੂਰ ਦੇ ਪਿੰਡ ਸੰਤੋਜ ਚ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ। ਜਿਸ ਚ ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਸੀ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
ਪਿਛਲੀ ਕੈਬਨਿਟ ਮੀਟਿੰਗ ਦੇ ਅਹਿਮ ਫੈਸਲੇ: ਉੱਥੇ ਹੀ ਜੇਕਰ ਗੱਲ ਕੀਤੀ ਜਾਵੇਗੀ ਪਿਛਲੇ ਕੈਬਨਿਟ ਮੀਟਿੰਗ ਦੇ ਤਾਂ ਸੀਐੱਮ ਮਾਨ ਵੱਲੋਂ ਵੱਖ ਵੱਖ ਵਿਭਾਗਾਂ ਦੀਆਂ 26 ਹਜ਼ਾਰ ਤੋਂ ਵੱਧ ਅਸਾਮੀਆਂ ਨੂੰ ਮਨਜ਼ੂਰੀ, ਇੱਕ ਵਿਧਾਇਕ ਇੱਕ ਪੈਨਸ ਦੇ ਨੋਟਿਫਿਕੇਸ਼ਨ ਨੂੰ ਮਨਜ਼ੂਰੀ, ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ, ਮੁਕਤਸਰ ਜ਼ਿਲ੍ਹੇ ਚ ਨਰਮੇ ਦੀ ਫਸਲ ਦੇ ਖਰਾਬ ਹੋਣ ’ਤੇ 41.89 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜੋ: ਗਰਮੀ ਨੇ ਲਈ ਮਾਸੂਮ ਦੀ ਜਾਨ, ਵਿਰੋਧੀਆਂ ਵੱਲੋਂ ਸਕੂਲਾਂ ’ਚ ਛੁੱਟਿਆਂ ਕਰਨ ਦੀ ਮੰਗ