ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀ. ਐੱਮ. ਚਿਹਰੇ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਆਮ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਆਮ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ।
ਟਿਕਟਾਂ ਦੀ ਵੰਡ ਨੂੰ ਲੈਕੇ ਕਾਂਗਰਸ ’ਤੇ ਨਿਸ਼ਾਨੇ
ਇਸ ਦੌਰਾਨ ਭਗਵੰਤ ਮਾਨ ਵੱਲੋਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਸਿਆਸਤ ਨੂੰ ਕਦੇ ਪਰਿਵਾਰਵਾਦ 'ਚੋਂ ਨਿਕਲਣ ਹੀ ਨਹੀਂ ਦਿੱਤਾ ਅਤੇ ਹੁਣ ਵੀ ਪਾਰਟੀ ਵੱਲੋਂ ਦਿੱਤੀਆਂ ਟਿਕਟਾਂ 'ਚ ਪਰਿਵਾਰਵਾਦ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ ਹੈ।
ਨਵਜੋਤ ਸਿੱਧੂ ਤੇ ਰਾਜਿੰਦਰ ਕੌਰ ਭੱਠਲ ’ਤੇ ਚੁੱਕੇ ਸਵਾਲ
ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆਪਣੇ ਭਤੀਜੇ ਅਤੇ ਰਾਜਿੰਦਰ ਕੌਰ ਭੱਠਲ ਨੇ ਆਪਣੇ ਜਵਾਈ ਨੂੰ ਟਿਕਟ ਦਵਾਈ ਹੈ। ਉੁਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ ਪਰ ਪਾਰਟੀ ਨੇ ਖ਼ੁਦ ਹੀ ਯੂਥ ਲਈ ਦਰਵਾਜ਼ੇ ਬੰਦ ਕੀਤੇ ਹੋਏ ਹਨ ਅਤੇ ਪਰਿਵਾਰ ਲਈ ਦਰਵਾਜੇ ਖੋਲ੍ਹੇ ਹਨ।
ਸਿੱਧੂ-ਮਜੀਠੀਆ ’ਤੇ ਬੋਲੇ ਭਗਵੰਤ ਮਾਨ
ਮਾਨ ਨੇ ਕਿਹਾ ਕਿ ਸੀਜ਼ਨਲ ਸਿਆਸਤਦਾਨ ਕਹਾਉਣ ਵਾਲੇ ਆਗੂਆਂ ਨੂੰ 30-35 ਸਾਲਾਂ ਦੇ ਨੌਜਵਾਨ ਹਰਾਉਣਗੇ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੇ ਲੜਨ ਨੂੰ ਲੈਕੇ ਨਿਸ਼ਾਨੇ ਸਾਧੇ ਹਨ। ਮਾਨ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਇਸ ਵਾਰ ਬਹੁਤ ਵਧੀਆ ਮੌਕੇ ਹੈ ਜੇ ਉਹ ਇੱਕ ਤੀਰ ਦੋ ਨਿਸ਼ਾਨੇ ਮਾਰ ਦੇਣ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਲੋਕਾਂ ਦਾ ਫਤਵਾ ਵੇਖ ਚੁੱਪ ਕਰ ਘਰ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਆਮ ਲੋਕਾਂ ਦੀ ਪਾਰਟੀ ਹੈ।
ਇਹ ਵੀ ਪੜ੍ਹੋ: ਹਾਈਕੋਰਟ ਤੋਂ ਰਾਹਤ, ਸੁਖਪਾਲ ਖਹਿਰਾ ਨੂੰ ਮਿਲੀ ਜ਼ਮਾਨਤ