ਚੰਡੀਗੜ੍ਹ: ਇੱਕ ਉਲੰਘਣਾ ਪਟੀਸ਼ਨ 'ਤੇ ਮੁੜ ਸੁਣਵਾਈ ਦੀ ਮੰਗ ਨੂੰ ਲੈ ਕੇ ਦਾਖ਼ਲ ਅਰਜ਼ੀ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਵੀਰ ਸਹਿਗਲ ਨੇ ਸਾਬਕਾ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
ਪਟੀਸ਼ਨਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਹੁਦੇ 'ਤੇ ਰਹਿੰਦਿਆਂ ਕਲਸੀ ਵੱਲੋਂ ਪੁਲਿਸ ਅਫ਼ਸਰਾਂ ਦੀ ਸੇਵਾ ਮੁਕਤੀ ਅਤੇ ਉਨ੍ਹਾਂ ਦੀ ਆਈ.ਪੀ.ਐਸ ਕਾਡਰ ਵਜੋਂ ਤਰੱਕੀ ਲਈ ਅੰਤਿਮ ਸੀਨੀਆਰਤਾ ਸੂਚੀ ਜਾਣਬੁੱਝ ਕੇ ਤਿਆਰ ਨਹੀਂ ਕੀਤੀ ਗਈ।
ਪਟੀਸ਼ਨਰਾਂ ਦਾ ਕਹਿਣਾ ਹੈ ਕਿ ਸੂਚੀ ਨੂੰ 8 ਮਾਰਚ ਨੂੰ ਅੰਤਿਮ ਰੂਪ ਦਿੱਤਾ ਜਾਣਾ ਸੀ ਤੇ ਹਾਈ ਕੋਰਟ ਵਿੱਚ ਅੰਡਰਟੇਕਿੰਗ ਦੇਣ ਦੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਦੀ ਪਾਲਣਾ ਨਹੀਂ ਕੀਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਇਹ ਪਿਛਲੇ ਸਾਲ ਦਸੰਬਰ ਵਿੱਚ 2 ਉਲੰਘਣਾ ਪਟੀਸ਼ਨਾਂ ਵਿੱਚ ਸਰਕਾਰ ਵੱਲੋਂ ਦਿੱਤੀ ਅੰਡਰਟੇਕਿੰਗ ਦੀ ਜਾਣਬੁੱਝ ਕੇ ਕੀਤੀ ਉਲੰਘਣਾ ਹੈ।