ਚੰਡੀਗੜ੍ਹ: ਪੰਜਾਬ ਰਾਜ ਵਿੱਚ ਕਣਕ ਖ਼ਰੀਦ ਦੇ ਨੋ ਦਿਨਾਂ ਦੌਰਾਨ ਰਿਕਾਰਡ 2797108 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਜਦਕਿ ਇਸ ਦੇ ਮੁਕਾਬਲੇ ਸਾਲ 2019 ਦੋਰਾਨ 1 ਅਪ੍ਰੈਲ ਤੋਂ 23 ਅਪ੍ਰੈਲ ਤੱਕ ਦੇ 23 ਦਿਨਾਂ ਵਿਚ 1285981 ਮੀਟ੍ਰਿਕ ਟਨ ਕਣਕ ਦੀ ਹੀ ਖਰੀਦ ਹੋਈ ਸੀ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕੋਵਿਡ 19 ਦੇ ਸੰਭਾਵੀ ਖ਼ਤਰੇ ਤੋਂ ਕਿਸਾਨਾਂ ਨੂੰ ਬਚਾਉਣ ਲਈ ਕਣਕ ਖਰੀਦ ਦਾ ਕਾਰਜ 1 ਅਪ੍ਰੈਲ ਦੀ ਬਜਾਏ 15 ਅਪ੍ਰੈਲ ਨੂੰ ਕੀਤਾ ਗਿਆ ਸੀ ਤਾਂ ਜ਼ੋ ਮੰਡੀਆਂ ਵਿੱਚ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਹਿੱਤ ਪ੍ਰਬੰਧ ਕੀਤੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਬੀਤੇ ਨੋ ਦਿਨਾਂ ਦੋਰਾਨ ਸਰਕਾਰੀ ਏਜੰਸੀਆਂ ਵੱਲੋਂ 2792876 ਜਦਕਿ ਬੀਤੇ ਵਰ੍ਹੇ 23 ਦਿਨਾਂ ਵਿਚ ਸਰਕਾਰੀ ਏਜੰਸੀਆਂ ਵੱਲੋਂ 1285981 ਖ਼ਰੀਦ ਕੀਤੀ ਗਈ ਸੀ ਇਸ ਤਰ੍ਹਾਂ ਇਸ ਵਾਰ ਸਰਕਾਰੀ ਖਰੀਦ ਏਜੰਸੀਆਂ ਨੇ ਬੀਤੇ ਵਰ੍ਹੇ ਨਾਲੋਂ 250 ਫੀਸਦੀ ਵੱਧ ਖਰੀਦ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਕਾਰਨ ਮੰਡੀਆਂ ਦਾ ਕੰਮ ਚਲਾਉਣ ਲਈ ਲੋੜੀਂਦੀ ਲੇਬਰ ਦੀ 50 ਫੀਸਦੀ ਲੇਬਰ ਤੋਂ ਵੀ ਘੱਟ ਲੇਬਰ ਨਾਲ ਵਿਭਾਗ ਵਲੋਂ ਮੰਡੀਆਂ ਦਾ ਕੰਮ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਲਿਫਟਿੰਗ ਪੂਰੀ ਤੇਜ਼ੀ ਨਾਲ ਨਹੀਂ ਹੋ ਰਹੀ ਸੀ ਪਰ ਹੁਣ ਇਸ ਕਾਰਜ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਨੀਤੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਇਸ ਵਾਰ ਖ਼ਰੀਦ ਕਾਲ 2 ਮਹੀਨੇ ਕੀਤਾ ਗਿਆ ਹੈ ਜ਼ੋ ਕਿ 15 ਜੂਨ ਤੱਕ ਜਾਰੀ ਰਹੇਗਾ।