ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇੇ ਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ 37 ਨਵੇਂ ਵਿਧਾਇਕਾਂ ਨਾਲ ਗੱਲਬਾਤ ਕੀਤੀ ਅਤੇ ਫ਼ੀਡਬੈਕ ਲਈ। ਬੈਠਕ ਤੋਂ ਬਾਅਦ ਪਾਇਲ ਹਲਕੇ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਹੀ ਲਿਆ ਜਾ ਰਿਹਾ ਹੈ ਅਤੇ 2022 ਲਈ ਰਣਨੀਤੀ ਬਣਾਈ ਜਾ ਰਹੀ ਹੈ ਅਤੇ ਹਲਕਿਆਂ ਵਿੱਚ ਜੋ ਕੰਮ ਹੋਣੇ ਬਾਕੀ ਹਨ ਉਨ੍ਹਾਂ ਦੀ ਪ੍ਰਗਤੀ ਰਿਪੋਰਟ ਤੇ ਚਰਚਾ ਕੀਤੀ ਗਈ ਹੈ।
ਇਸ ਦੌਰਾਨ ਵਿਧਾਇਕ ਨੇ ਇਹ ਵੀ ਕਿਹਾ ਕਿ 3-3 ਵਿਧਾਇਕਾਂ ਨਾਲ ਪ੍ਰਸ਼ਾਂਤ ਕਿਸ਼ੋਰ ਨੇ ਮੁਲਾਕਾਤ ਕੀਤੀ ਹੈ । ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਮੁੜ ਸੀਟ ਦੇਣੀ ਹੈ ਜਾ ਨਹੀਂ ਇਹ ਤਾਂ ਹਾਈਕਮਾਨ ਹੱਥ ਹੈ ਪਰ ਉਨ੍ਹਾਂ ਵੱਲੋਂ ਆਪਣੇ ਹਲਕੇ 'ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਦੱਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ 2022 ਲਈ ਜਿਥੇ ਨਵੀਂ ਰਣਨੀਤੀ ਬਣਾ ਰਹੇ ਹਨ ਤਾਂ ਉਥੇ ਹੀ ਹਰ ਵਿਧਾਇਕ ਨਾਲ ਚਰਚਾ ਕਰ ਉਨ੍ਹਾਂ ਤੋਂ ਫੀਡਬੈਕ ਲਿਆ ਗਿਆ ਹੈ ਤਾਂ ਕਿ ਸਮਾਂ ਰਹਿੰਦੇ ਸਥਿਤੀ ਉਤੇ ਗੌਰ ਕਰ ਕੇ ਹਲਕੇ ਦਾ ਚਹੁੰਮੁਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਸਕਣ। ਇਥੇ ਇਹ ਵੀ ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਸਾਲ 2017 'ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ ਹੈ ਤਾਂ ਕਿ ਲੋਕਾਂ ਦੀ ਕਚਹਿਰੀ ਵਿੱਚ ਮੁੜ ਤੋਂ ਜਾਇਆ ਜਾ ਸਕੇ।