ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਅਫ਼ਗਾਨਿਸਤਾਨ ਵਿੱਚ ਕਾਬੁਲ ਵਿਖੇ ਗੁਰਦੁਆਰਾ ਸਾਹਿਬ 'ਤੇ ਕੀਤੇ ਗਏ ਘਿਨੌਣੇ ਹਮਲੇ ਨੂੰ ਮਨੁੱਖਤਾ ਖ਼ਿਲਾਫ਼ ਅਪਰਾਧ ਕਰਾਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਨਿਰਦੋਸ਼ ਅਤੇ ਸ਼ਰਧਾਲੂ ਸਿੱਖਾਂ ਉੱਤੇ ਕੀਤਾ ਗਿਆ ਇਹ ਹਮਲਾ, ਜਿਸ ਵਿੱਚ 27 ਸਿੱਖ ਮਾਰੇ ਗਏ ਹਨ, ਮਨੁੱਖਤਾ ਦੇ ਚਿਹਰੇ 'ਤੇ ਇੱਕ ਧੱਬਾ ਹੈ। ਇਸ ਅਣਮਨੁੱਖੀ ਕਾਰੇ ਨੇ ਸਾਰੇ ਸਿੱਖ ਜਗਤ ਅਤੇ ਪੂਰੀ ਮਨੁੱਖਤਾ ਨੂੰ ਦੁੱਖ ਅਤੇ ਗੁੱਸੇ ਨਾਲ ਭਰ ਦਿੱਤਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨਿੱਜੀ ਤੌਰ 'ਤੇ ਅਫ਼ਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਅਤੇ ਅਫ਼ਗਾਨਿਸਤਾਨ 'ਚ ਰਹਿ ਰਹੇ ਸਾਰੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਲਈ ਆਖਿਆ ਜਾਵੇ।
ਇਹ ਵੀ ਪੜ੍ਹੋ: COVID-19: ਕਸ਼ਮੀਰ 'ਚ 65 ਸਾਲਾ ਬਜ਼ੁਰਗ ਦੀ ਮੌਤ, 649 ਤੱਕ ਪੁੱਜੀ ਪੀੜਤਾਂ ਦੀ ਗਿਣਤੀ
ਉਨ੍ਹਾਂ ਪੀੜਤ ਸਿੱਖ ਪਰਿਵਾਰਾਂ ਲਈ ਡੂੰਘਾ ਦੁੱਖ ਪ੍ਰਗਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਮਾਤਮਾ ਅੱਗੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ।