ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਭਲਕੇ ਵੋਟਿੰਗ ਹੋਵੇਗੀ। ਦੱਸ ਦਈਏ ਕਿ ਭਲਕੇ ਸਵੇਰ 8 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਰ ਆਪਣੀ ਵੋਟ ਪਾ ਸਕਣਗੇ। ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਪੁਖਤ ਪ੍ਰਬੰਧ ਕੀਤੇ ਜਾ ਚੁੱਕੇ ਹਨ। ਨਾਲ ਹੀ ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।
20 ਫਰਵਰੀ ਨੂੰ ਵੋਟਿੰਗ, 10 ਮਾਰਚ ਨੂੰ ਨਤੀਜੇ
20 ਫਰਵਰੀ ਦਿਨ ਐਤਵਾਰ ਨੂੰ ਹੋਣ ਵਾਲੀ ਵੋਟਿੰਗ ’ਚ ਮੁਲਾਜ਼ਮ ਵੀ ਵੋਟ ਪਾ ਸਕਣਗੇ। ਇਸ ਦੇ ਲਈ ਚੀਫ ਸਕੱਤਰ ਵੱਲੋਂ ਪੈਡ ਛੁੱਟੀ ਦਿੱਤੀ ਜਾਵੇਗੀ। ਸੂਬੇ ਵਿੱਚ ਇਸ ਵਰ੍ਹੇ 2022 ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲ ਦੋ ਕਰੋੜ 14 ਲੱਖ 99 ਹਜਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨ ਸਕਣਗੇ 117 ਸੀਟਾਂ ’ਤੇ ਇੱਕੋ ਗੇੜ ਵਿੱਚ ਚੋਣ ਹੋਵੇਗੀ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ। 2 ਕਰੋੜ 15 ਲੱਖ ਵੋਟਰਾਂ ਵਿੱਚ ਪੰਜਾਬ ਵਿੱਚ 727 ਟਰਾਂਸਜੈਂਡਰ ਵੋਟਰ ਵੀ ਹਨ।
ਮੈਦਾਨ ਵਿੱਚ 57 ਸਿਆਸੀ ਦਲ
ਦੱਸ ਦਈਏ ਕਿ ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਨਿਤਰੇ ਹਨ ਤੇ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ਹੈ। ਵੋਟਰਾਂ ਦੀ ਹਾਲਤ ਵੇਖੀਏ ਤਾਂ ਕੁਲ 2,14,99,804 ਵੋਟਰਾਂ ਵਿੱਚੋਂ 10,20,0996 ਪੁਰਸ਼ ਤੇ 11,29,8081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।
ਕਿਥੋਂ ਕਿੰਨੇ ਉਮੀਦਵਾਰ
ਹੋਰ ਹਲਕਿਆਂ ਦੀ ਇਹ ਹੈ ਤਸਵੀਰ ਪੰਜਾਬ ਵਿੱਚ ਜਿਥੇ ਇੱਕ ਹਲਕੇ ਵਿੱਚ ਸਿਰਫ 5 ਉਮੀਦਵਾਰ ਹਨ ਤੇ ਦੋ ਹਲਕਿਆਂ ਵਿੱਚ 19-19 ਉਮੀਦਵਾਰ ਕਿਸਮਤ ਅਜਮਾ ਰਹੇ ਹਨ, ਉਥੇ ਇੱਕ ਹੋਰ ਹਲਕੇ ਵਿੱਚ 18 ਉਮੀਦਵਾਰ ਮੈਦਾਨ ਵਿੱਚ ਹਨ, ਜਦੋਂਕਿ ਤਿੰਨ ਹਲਕਿਆਂ ਵਿੱਚ 17-17 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਛੇ ਅਜਿਹੇ ਹਲਕੇ ਹਨ, ਜਿਥੇ 15-15 ਉਮੀਦਵਾਰ ਹਨ ਤੇ 7 ਹਲਕਿਆਂ ਵਿੱਚ 14-14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੱਠ ਹਲਕਿਆਂ ਵਿੱਚ 12-12, 10 ਹਲਕਿਆਂ ਵਿਚ 11-11, 22 ਹਲਕਿਆਂ ਵਿੱਚ 10-10, 12 ਹਲਕਿਆਂ ਵਿੱਚ 9-9, 11 ਹਲਕਿਆਂ ਵਿੱਚ 8-8, ਤਿੰਨ ਹਲਕਿਆਂ ਵਿੱਚ 7-7 ਤੇ ਦੋ ਹਲਕਿਆਂ ਵਿੱਚ 6-6 ਉਮੀਦਵਾਰ ਚੋਣ ਲੜ ਰਹੇ ਹਨ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਤੇ ਦਿਨ ਸ਼ਾਮ 6 ਵਜੇ ਚੋਣ ਪ੍ਰਚਾਰ ਥੰਮ ਗਿਆ ਸੀ। ਕਿਸੇ ਤਰ੍ਹਾਂ ਦੇ ਵੱਡੇ ਜਲਸਿਆਂ, ਰੈਲੀਆਂ, ਰੋਡ ਸ਼ੋਅ, ਜਨਸਭਾਵਾਂ, ਨੁੱਕੜ ਮੀਟਿੰਗਾਂ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜੋ: ਕਾਂਗਰਸ ਦੀ ਚੋਣ ਖੇਡ ਵਿਗਾੜੇਗੀ ਕੈਪਟਨ ਦੀ ਪੰਜਾਬ ਲੋਕ ਕਾਂਗਰਸ !