ਚੰਡੀਗੜ੍ਹ: ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਦੇ ਸੈਕਟਰ 45 ਸਥਿਤ ਬੁੜੈਲ ਵਿਖੇ ਇੱਕ ਦੁਕਾਨਦਾਰ ਨੂੰ ਤਿਰੰਗਾ ਮਾਸਕ ਵੇਚਣੇ ਮਹਿੰਗੇ ਪੈ ਗਏ। ਪੁਲਿਸ ਵੱਲੋਂ ਸਥਾਨਕ ਵਾਸੀ ਦੇ ਸ਼ਿਕਾਇਤ ਕਰਨ ਮਗਰੋਂ ਪੁਲਿਸ ਨੇ ਉਕਤ ਦੁਕਾਨਦਾਰ 'ਤੇ ਸਖ਼ਤ ਕਾਰਵਾਈ ਕੀਤੀ ਗਈ।
ਦਰਅਸਲ ਇੱਕ ਸਥਾਨਕ ਵਾਸੀ ਨੂੰ ਸੋਸ਼ਲ ਮੀਡੀਆ ਰਾਹੀਂ ਬੁੜੈਲ ਵਿਖੇ ਤਿਰੰਗੇ ਵਾਲੇ ਮਾਸਕ ਦੀ ਵਿਕ੍ਰੀ ਹੋਣ ਬਾਰੇ ਪਤਾ ਲੱਗਾ। ਉਕਤ ਸਥਾਨਕ ਵਾਸੀ ਨੇ ਪੁਲਿਸ ਅਤੇ ਮੀਡੀਆ ਨੂੰ ਇਸ ਦੀ ਸੂਚਨਾ ਦਿੱਤੀ। ਜਦੋਂ ਈਟੀਵੀ ਭਾਰਤ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਮੀਡੀਆ ਨੂੰ ਦੇਖ ਦੁਕਾਨਦਾਰ ਨੇ ਆਨਨ-ਫਾਨਨ ਦੇ ਵਿੱਚ ਤਿਰੰਗੇ ਝੰਡੇ ਵਾਲੇ ਮਾਸਕ, ਟੋਪੀਆਂ ਅਤੇ ਹੋਰਨਾਂ ਸਾਜੋ-ਸਮਾਨ ਲਕੋਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਉਹ ਇਸ 'ਚ ਕਾਮਯਾਬ ਨਾ ਹੋ ਸਕੇ। ਜਦੋਂ ਦੁਕਾਨਦਾਰ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਲਾਕੇ 'ਚ ਹਰ ਦੁਕਾਨਦਾਰ ਵੱਲੋਂ ਅਜਿਹੇ ਮਾਸਕ ਅਤੇ ਸਾਮਾਨ ਆਦਿ ਵੇਚੇ ਜਾ ਰਹੇ ਹਨ। ਇਸ ਦੀ ਵੱਧ ਵਿਕ੍ਰੀ ਹੋ ਰਹੀ ਹੈ। ਉਨ੍ਹਾਂ ਨੇ ਇਹ ਸਮਾਨ ਦਿੱਲੀ ਤੋਂ ਮੰਗਵਾਇਆ ਹੈ।
ਸ਼ਿਕਾਇਤ ਕਰਨ ਵਾਲੇ ਸਥਾਨਕ ਨਿਵਾਸੀ ਨੇ ਦੱਸਿਆ ਕਿ ਕੌਮੀ ਝੰਡੇ ਵਾਲਾ ਮਾਸਕ ਕਿਸੇ ਵੀ ਦੁਕਾਨ ਉੱਤੇ ਵੇਚਿਆ ਜਾਂ ਖ਼ਰੀਦੀਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮਹਿਜ਼ ਚੰਦ ਰੁਪਏ ਲਈ ਕੁੱਝ ਦੁਕਾਨਦਾਰ ਕੌਮੀ ਝੰਡੇ ਦੀ ਬੇਅਦਬੀ ਕਰ ਰਹੇ ਹਨ, ਜੋ ਕਿ ਗ਼ਲਤ ਹੈ ਤੇ ਕਾਨੂੰਨ ਦੀ ਉਲੰਘਣਾ ਹੈ। ਸਥਾਨਕ ਲੋਕਾਂ ਨੇ ਤਿਰੰਗਾ ਮਾਸਕ ਵੇਚਣ ਅਤੇ ਤਿਆਰ ਕਰਨ ਵਾਲੀਆਂ ਕੰਪਨੀਆਂ ਤੇ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਮਾਨ ਜ਼ਬਤ ਕੀਤਾ ਅਤੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਕੀਤੀ।