ਚੰਡੀਗੜ੍ਹ: ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਟੇਜ ਸਬੰਧੀ ਵਿਵਾਦ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖਿਆ ਹੈ। ਇਸ ਪੱਤਰ ਵਿੱਚ ਕੈਬਿਨੇਟ ਮੰਤਰੀ ਨੇ ਪੀਐੱਮ ਮੋਦੀ ਨੂੰ ਵਿਵਾਦ ਖ਼ਤਮ ਕਰਨ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਪੀਐੱਮ ਮੋਦੀ ਤੋਂ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਲਾਂਘੇ ਦੇ ਉਦਘਾਟਨ ਲਈ ਡੇਰਾ ਬਾਬਾ ਨਾਨਕ ਵਿਖੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੱਲੋਂ ਮੁਤਵਾਜ਼ੀ ਸਟੇਜ ਲਾਉਣ ਦੇ ਫ਼ੈਸਲੇ ਕਾਰਨ ਖੜੇ ਹੋਏ ਵਿਵਾਦ ਅਤੇ ਭੰਬਲਭੂਸੇ ਨੂੰ ਖ਼ਤਮ ਕਰਨ ਲਈ ਤੁਰੰਤ ਦਖ਼ਲ ਦੇਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਇਹ ਫ਼ੈਸਲਾ ਬਹੁਤ ਹੀ ਮੰਦਭਾਗਾ ਤੇ ਮੁਲਕ ਦੇ ਸੰਵਿਧਾਨ ਦੀ ਫੈਡਰਲ ਭਾਵਨਾ ਦੇ ਬਿਲਕੁਲ ਉਲਟ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿਚ ਰੰਧਾਵਾ ਨੇ ਕਿਹਾ, ‘‘ਮੈਂ ਇਸ ਲਾਂਘੇ ਦੇ ਉਦਘਾਟਨ ਸਬੰਧੀ ਹੋਣ ਵਾਲੇ ਸਮਾਗਮ, ਪੰਡਾਲ ਅਤੇ ਸਟੇਜ ਲਾਉਣ ਸਬੰਧੀ ਕੇਂਦਰ ਸਰਕਾਰ ਦੀਆਂ ਸਾਰੀਆਂ ਸਬੰਧਤ ਏਜੰਸੀਆਂ ਨਾਲ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਮੀਟਿੰਗਾਂ ਕਰਦਾ ਰਿਹਾ ਹਾਂ।
ਇਨ੍ਹਾਂ ਮੀਟਿੰਗਾਂ ਦੌਰਾਨ ਕਿਸੇ ਏਜੰਸੀ ਦੇ ਕਿਸੇ ਅਧਿਕਾਰੀ ਨੇ ਕੇਂਦਰ ਸਰਕਾਰ ਵਲੋਂ ਵੱਖਰੀ ਸਟੇਜ ਲਾਉਣ ਬਾਰੇ ਮਾੜਾ ਜਿਹਾ ਇਸ਼ਾਰਾ ਵੀ ਨਹੀਂ ਕੀਤਾ। ਇਸ ਤੋਂ ਬਿਨਾਂ ਇਹ ਸਾਰੀਆਂ ਕੇਂਦਰੀ ਏਜੰਸੀਆਂ ਵਲੋਂ ਪੰਜਾਬ ਸਰਕਾਰ ਵਲੋਂ ਲਾਈ ਜਾ ਰਹੀ ਸਟੇਜ ਅਤੇ ਕੀਤੀਆਂ ਜਾ ਰਹੀਆਂ ਹੋਰਨਾਂ ਤਿਆਰੀਆਂ ਦਾ ਸਮੇਂ ਸਮੇਂ ਉੱਤੇ ਬਕਾਇਦਾ ਜਾਇਜ਼ਾ ਵੀ ਲਿਆ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੱਖਰੀ ਸਟੇਜ ਲਾਉਣ ਦਾ ਫੈਸਲਾ ਉਸ ਸਮੇਂ ਲਿਆ ਹੈ ਜਦੋਂ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦਾ ਖ਼ਰਚ ਕਰ ਕੇ ਲਈ ਜਾ ਰਹੀ ਸਟੇਜ ਅਤੇ ਪੰਡਾਲ ਦਾ 90 ਫ਼ੀਸਦੀ ਕੰਮ ਪੂਰਾ ਵੀ ਹੋ ਗਿਆ ਹੈ। ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਕਾਰਵਾਈ ਇਸ ਪਵਿੱਤਰ ਅਤੇ ਇਤਿਹਾਸਕ ਮੌਕੇ ਉੱਤੇ ਕੀਤੀ ਜਾ ਰਹੀ ਬਹੁਤ ਹੀ ਹੋਛੀ ਸਿਆਸਤ ਹੈ।