ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਤਹਿਤ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਉਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਐਲ.ਈ.ਡੀ. ਆਧਾਰਿਤ ਨੁਕਸਦਾਰ ਜਾਂ ਕੰਮ ਨਾ ਕਰਨ ਵਾਲੀਆਂ ਸੋਲਰ ਸਟਰੀਟ ਲਾਈਟਾਂ ਦੀ ਮੁਰੰਮਤ ਕਰਨ ਅਤੇ ਖ਼ਰਾਬ ਦੀ ਥਾਂ ਨਵੀਆਂ ਲਾਈਟਾਂ ਲਗਾਉਣ ਸਬੰਧੀ ਰੇਟ ਕੰਟਰੈਕਟ ਲਈ ਆਨਲਾਈਨ ਟੈਂਡਰਾਂ ਦੀ ਮੰਗ ਕੀਤੀ ਹੈ।
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੇਡਾ ਵੱਲੋਂ ਸੂਬੇ ਦੇ ਵੱਖ ਵੱਖ ਪਿੰਡਾਂ ਵਿੱਚ ਲਗਭਗ 48,000 ਸੋਲਰ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਦੀ 5 ਸਾਲਾਂ ਦੀ ਵਾਰੰਟੀ ਖ਼ਤਮ ਹੋਣ 'ਤੇ ਪੇਡਾ ਨੇ ਵੱਖ-ਵੱਖ ਗ੍ਰਾਮ ਪੰਚਾਇਤਾਂ/ਸੰਸਥਾਵਾਂ ਵਿੱਚ ਖ਼ਰਾਬ ਪਈਆਂ ਸਟਰੀਟ ਲਾਈਟਾਂ ਨੂੰ ਦਰੁਸਤ ਕਰਨ ਅਤੇ ਮੁੜ ਚਾਲੂ ਕਰਨ ਲਈ ਈ-ਟੈਂਡਰ ਮੰਗੇ ਹਨ।
ਉਨ੍ਹਾਂ ਦੱਸਿਆ ਕਿ ਸਫ਼ਲ ਬੋਲੀਕਾਰਾਂ ਨੂੰ ਸਾਲਾਨਾ ਮੇਨਟੇਨੈਂਸ ਕੰਟਰੈਕਟ (ਏ.ਐਮ.ਸੀ.) ਸਹੀਬੱਧ ਕਰਨਾ ਹੋਵੇਗਾ, ਜਿਸ ਵਿੱਚ ਇਨ੍ਹਾਂ 48000 ਸੋਲਰ ਸਟਰੀਟ ਲਾਈਟਾਂ ਦੀ 5-ਸਾਲ ਦੀ ਵਾਰੰਟੀ ਸ਼ਾਮਲ ਹੋਵੇਗੀ ਤਾਂ ਜੋ ਇਹ ਸਾਰੀਆਂ ਲਾਈਟਾਂ ਇਸ ਮਿਆਦ ਦੌਰਾਨ ਸੁਚਾਰੂ ਰੂਪ ਵਿੱਚ ਕੰਮ ਕਰਦੀਆਂ ਰਹਿਣ।
ਟੈਂਡਰ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 20 ਸਤੰਬਰ, 2022 ਹੈ ਅਤੇ ਟੈਂਡਰ 23 ਸਤੰਬਰ, 2022 ਨੂੰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਇਛੁੱਕ ਕੰਪਨੀਆਂ ਹੋਰ ਜਾਣਕਾਰੀ ਲਈ ਵੈੱਬਸਾਈਟ eproc.punjab.gov. ‘ਤੇ ਲਾਗ-ਇਨ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪੇਡਾ ਪੰਜਾਬ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ਪ੍ਰਾਜੈਕਟਾਂ ਅਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪਸਾਰ ਅਤੇ ਵਿਕਾਸ ਲਈ ਸੂਬੇ ਦੀ ਨੋਡਲ ਏਜੰਸੀ ਹੈ।
ਇਹ ਵੀ ਪੜ੍ਹੋ: ਗੁਰਦਾਸਪੁਰ ਵਿੱਚ ਕਾਰ ਸਵਾਰ ਔਰਤ ਦਾ ਹਾਈ ਵੋਲਟੇਜ ਡਰਾਮਾ, 1 ਘੰਟਾ ਪੁਲਿਸ ਨਾਲ ਉਲਝੀ