ਚੰਡੀਗੜ੍ਹ: ਸੂਬੇ ਦੀ ਸਿਆਸਤ ਵਿੱਚ ਸ਼ਰਾਬ ਨੂੰ ਲੈ ਕੇ ਭਖੇ ਮੁੱਦੇ 'ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਚੱਕਿਆ ਹੈ। ਢੀਂਡਸਾ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਕੁਝ ਦਿਨਾਂ ਵਿੱਚ ਸ਼ਰਾਬ ਦੀ ਤਸਕਰੀ ਬੰਦ ਹੋ ਸਕਦੀ ਹੈ।
ਢੀਂਡਸਾ ਨੇ ਕਿਹਾ ਕਿ ਚੀਫ਼ ਸੈਕਟਰੀ ਨਾਲ ਕੈਬਿਨੇਟ ਮੰਤਰੀਆਂ ਦੇ ਹੋਏ ਵਿਵਾਦ ਤੋਂ ਬਾਅਦ ਹੀ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਹਲਕੇ ਦੇ ਵਿਧਾਇਕਾਂ ਦੀ ਸ਼ਹਿ ਤੋਂ ਬਿਨ੍ਹਾਂ ਕੋਈ ਵੀ ਤਸਕਰੀ ਜਾਂ ਗ਼ੈਰ ਕਾਨੂੰਨੀ ਕੰਮ ਹਲਕੇ 'ਚ ਨਹੀਂ ਹੋ ਸਕਦਾ।
ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਰੈਵੇਨਿਊ ਠੀਕ ਸੀ ਪਰ ਸਤਾ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਜ਼ਿਆਦਾ ਤੋਂ ਜ਼ਿਆਦਾ 6 ਤੋਂ 7 ਫੀਸਦੀ ਹੀ ਰੈਵੇਨਿਊ ਵੱਧ ਜਨਰੇਟ ਹੋ ਸਕਦਾ ਹੈ।
ਢੀਂਡਸਾ ਨੇ ਕਿਹਾ ਕਿ ਲਿਕਰ ਕਾਰਪੋਰੇਸ਼ਨ ਬਣਾਉਣ ਅਤੇ ਅਫਸਰਾਂ ਦੇ ਤਬਾਦਲੇ ਕਰਨ ਨਾਲ ਇਹ ਤਸਕਰੀ ਬੰਦ ਨਹੀਂ ਹੋਵੇਗੀ, ਜਦੋਂ ਤੱਕ ਸਿਆਸਤਦਾਨ ਅਤੇ ਅਫ਼ਸਰਾਂ ਨੂੰ ਇਸ ਮਹਿਕਮੇ ਤੋਂ ਦੂਰ ਨਹੀਂ ਕੀਤਾ ਜਾਂਦਾ।
ਪਰਮਿੰਦਰ ਢੀਂਡਸਾ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਪੰਥਕ ਮੁੱਦਿਆਂ ਨੂੰ ਛੱਡ ਸ਼ਰਾਬ ਦੇ ਮੁੱਦਿਆਂ ਉੱਤੇ ਪ੍ਰੈੱਸ ਕਾਨਫਰੰਸ ਕਰ ਰਹੀ ਹੈ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਕਿਸੇ ਹੋਰ ਬਦਲ ਨੂੰ ਵੇਖਣਾ ਚਾਹੁੰਦੇ ਹਨ। ਇਸ ਲਈ ਲਗਾਤਾਰ ਉਹ ਸੂਬੇ ਦੇ ਹਿਤੈਸ਼ੀ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।
ਢੀਂਡਸਾ ਨੇ ਤਰਕ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਸੂਬੇ ਦੇ ਖਜ਼ਾਨੇ ਅਤੇ ਲੋਕਾਂ ਨੂੰ ਬਚਾਉਣਾ ਹੈ ਤਾਂ ਸਰਕਾਰੀ ਤੰਤਰ ਵਿੱਚ ਕਟੌਤੀ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੈਲਥ ਅਤੇ ਐਜੂਕੇਸ਼ਨ ਸੈਕਟਰ ਵਿੱਚ ਪੰਜਾਬ ਨੂੰ ਕੰਮ ਜ਼ਿਆਦਾ ਕਰਨ ਦੀ ਜ਼ਰੂਰਤ ਹੈ। ਜੇਕਰ ਸਿੱਖਿਆ ਖੇਤਰ ਵਿੱਚ ਵਧੀਆ ਅਧਿਆਪਕ ਭਰਤੀ ਕੀਤੇ ਜਾਣਗੇ ਤਾਂ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇਗਾ।