ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਮਾਨਸੂਨ ਇਜਲਾਸ ਹੋਣ ਜਾ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਇਹ ਪਹਿਲੀ ਵਾਰ ਹੈ। ਇਹ ਇਜਲਾਸ 11 ਵਜੇ ਸ਼ੁਰੂ ਹੋਵੇਗਾ। ਕਈ ਵਿਧਾਇਕ ਇਸ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
ਪੰਜਾਬ ਵਿਧਾਨ ਸਭਾ ਦੇ ਇੱਕ ਰੋਜ਼ਾ ਇਜਲਾਸ ਲਈ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੈ। ਵਿਧਾਨ ਸਭਾ ਸਕੱਤਰੇਤ ਨੇ ਅਧਿਕਾਰੀਆਂ ਦੀ ਹਾਜ਼ਰੀ ਵੀ ਸੀਮਤ ਰੱਖਣ ਲਈ ਕਿਹਾ ਹੈ।
ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਤੇਜ਼ ਹੋ ਰਹੀ ਹੈ ਤੇ ਕਈ ਮੰਤਰੀ ਅਤੇ ਵਿਧਾਇਕ ਵੀ ਕੋਰੋਨਾ ਪੌਜ਼ੀਟਿਵ ਆ ਚੁਕੇ ਹਨ। ਇਸ ਦੇ ਚੱਲਦੇ ਵਿਧਾਨ ਸਭਾ ਸਪੀਕਰ ਕੇਪੀ ਸਿੰਘ ਨੇ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਧਾਇਕਾਂ ਨੂੰ ਇੱਕ ਰੋਜ਼ਾ ਇਜਲਾਸ ਵਿੱਚ ਨਾ ਸ਼ਾਮਲ ਹੋਣ ਲਈ ਕਿਹਾ ਹੈ। ਇਹ ਫ਼ੈਸਲਾ ਕੋਰੋਨਾ ਤੋਂ ਬਚਾਅ ਲਈ ਲਿਆ ਗਿਆ ਹੈ।
ਕੈਪਟਨ ਅਮਰਿੰਦਰ ਵੱਲੋਂ ਕੋਵਿਡ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਧਾਇਕਾਂ ਨੂੰ ਸਦਨ ਵਿੱਚ ਨਾ ਆਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਦਿੱਤੇ ਗਏ ਧਰਨਿਆਂ ਦੌਰਾਨ ਕੋਵਿਡ ਦਾ ਖ਼ਦਸ਼ਾ ਵਧਣ ਦੀ ਗੱਲ ਵੀ ਆਖੀ।
ਇਸ ਇੱਕ ਰੋਜ਼ਾ ਇਜਲਾਸ ਵਿੱਚ ਵਿਰੋਧੀ ਧਿਰ ਸੂਬਾ ਸਰਕਾਰ ਨੂੰ ਘੇਰਣ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਦਨ ਵਿੱਚ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ, ਪਾਣੀਆਂ ਦਾ ਸੰਕਟ ਅਤੇ ਐਸਵਾਈਐਲ, ਕੇਂਦਰੀ ਬਿਜਲੀ ਸੋਧ ਬਿਲ-2020, ਮੌਂਟੇਕ ਸਿੰਘ ਆਹਲੂਵਾਲੀਆਂ ਰਿਪੋਰਟ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਮੁੱਦੇ ਚੁੱਕਾਂਗੇ।
ਸੂਬਾ ਸਰਕਾਰ ਕੇਂਦਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਮਤਾ ਲਿਆ ਸਕਦੀ ਹੈ। ਅਕਾਲੀ ਦਲ ਅਤੇ ਭਾਜਪਾ ਤੋਂ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਫੈਡਰਲਿਜ਼ਮ ਲਈ ਖ਼ਤਰਾ ਅਤੇ ਕਣਕ-ਝੋਨੇ ਦੀ ਘੱਟੋ-ਘੱਟ ਸਮਰਥਨ ਮੁੱਲ ਉੱਤੇ ਖ਼ਰੀਦ ਤੋਂ ਹੱਥ ਖਿੱਚਣ ਦਾ ਰਾਹ ਤਿਆਰ ਕਰਨ ਵਾਲੇ ਕਰਾਰ ਦਿੱਤਾ ਹੈ। ਲੰਬੇ ਸਮੇਂ ਤੋਂ ਸੂਬੇ ਭਰ ਦੇ ਕਿਸਾਨ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਵੀ ਕਰ ਰਹੇ ਹਨ।
ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਇੱਕ-ਇੱਕ ਵਿਧਾਇਕ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਬਾਕੀ ਵਿਧਾਇਕਾਂ ਨੂੰ ਵੀ ਇਕਾਂਤਵਾਸ ਕਰਨ ਦਾ ਮਾਮਲਾ ਭੱਖ ਚੁੱਕਿਆ ਹੈ।
ਇਸ ਨੂੰ ਲੈ ਕੇ ਮੁੱਖ ਮੰਤਰੀ 'ਤੇ ਤੰਜ ਕਸਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸਿਰਫ ਇੱਕ ਹੀ ਵਿਅਕਤੀ ਇਜਲਾਸ ਵਿੱਚ ਸੁਰੱਖਿਅਤ ਆ ਸਕਦਾ ਹੈ ਉਹ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ’ਤੇ ਇਕਾਂਤਵਾਸ ਕੀਤਾ ਹੋਇਆ ਹੈ।
ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਇਜਲਾਸ ਦਾ ਹਿੱਸਾ ਬਣੇ।
ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅਮਨ ਅਰੋੜਾ ਨੂੰ ਜਵਾਬ ਦਿੰਦਿਆਂ ਕਿਹਾ ਕੀ ਵਿਧਾਨ ਸਭਾ ਉੱਤੇ ਇਲਜ਼ਾਮ ਲਗਾਉਣਾ ਬੇਹੱਦ ਅਫ਼ਸੋਸ ਵਾਲੀ ਗੱਲ ਹੈ, ਕਿਉਂਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਰਿਪੋਰਟ ਵੀ ਪੌਜ਼ੀਟਿਵ ਆ ਰਹੀ ਹੈ।
ਇਸ ਦੌਰਾਨ ਸਪੀਕਰ ਨੇ ਵਿਰੋਧੀਆਂ ਨੂੰ ਨਸੀਹਤ ਦਿੰਦਿਆਂ ਇਹ ਵੀ ਕਿਹਾ ਕਿ ਆਪਣੇ ਵਿਧਾਇਕ ਸਾਥੀਆਂ ਤੇ ਅਫ਼ਸਰਾਂ ਮੁਲਾਜ਼ਮਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਸੈਸ਼ਨ ਵਧਾਉਣ ਦੀ ਮੰਗ ਨਾ ਕਰਨ। ਵਿਧਾਇਕ ਅਮਨ ਅਰੋੜਾ ਵੱਲੋਂ ਇੱਕ ਦਿਨ ਦੇ ਸੈਸ਼ਨ ਨੂੰ ਲੋਕਤੰਤਰ ਦਾ ਘਾਣ ਵੀ ਦੱਸਿਆ ਗਿਆ ਸੀ।