ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕੁਲ 95 ਮਹਿਲਾਵਾਂ ਕਿਸਮਤ ਅਜਮਾ ਰਹੀਆਂ (95 women in fray) ਹਨ। ਲਗਭਗ ਸਾਰੀਆਂ ਪਾਰਟੀਆਂ ਨੇ ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਹਨ, ਹਾਲਾਂਕਿ ਇਹ ਗਿਣਤੀ ਮਹਿਲਾ ਸ਼ਕਤੀਕਰਣ ਦੇ ਹਿਸਾਬ ਨਾਲ ਕੁਝ ਵੀ ਨਹੀਂ ਹੈ (no female candidate in 52 constituencies) ।
ਪਾਰਟੀਆਂ ਦਾ ਮਹਿਲਾਵਾਂ ਪ੍ਰਤੀ ਨਜਰੀਆ
ਪਾਰਟੀ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਸਾਰਿਆਂ ਨਾਲੋਂ ਵੱਧ 12 ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਵੀ 11 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ, ਜਦੋਂਕਿ ਭਾਜਪਾ ਨੇ 6, ਸ਼੍ਰੋਮਣੀ ਅਕਾਲੀ ਦਲ ਨੇ 5, ਪੰਜਾਬ ਲੋਕ ਕਾਂਗਰਸ ਨੇ ਦੋ ਤੇ ਬਹੁਜਨ ਸਮਾਜ ਪਾਰਟੀ ਨੇ ਸਿਰਫ ਇੱਕ ਮਹਿਲਾ ਨੂੰ ਟਿਕਟ ਦਿੱਤੀ। ਹੋਰ ਦੂਜੀਆਂ ਪਾਰਟੀਆਂ ਤੋਂ 29 ਮਹਿਲਾ ਉਮੀਦਵਾਰ ਮੈਦਾਨ ਵਿੱਚ ਹਨ। ਪਾਰਟੀਆਂ ਨੇ ਟਿਕਟਾਂ ਵਿੱਚ ਤਰਜੀਹ ਨਹੀਂ ਦਿੱਤੀ ਤਾਂ ਨਾਰੀ ਸ਼ਕਤੀ ਆਪ ਮੈਦਾਨ ਵਿੱਚ ਆ ਗਈ। ਕੁਲ 29 ਮਹਿਲਾਵਾਂ ਆਜਾਦ ਤੌਰ ’ਤੇ ਨਾਮਜਗਦੀ ਪੱਤਰ ਦਾਖ਼ਲ ਕਰਕੇ ਚੋਣ ਮੈਦਾਨ ਵਿੱਚ ਨਿਤਰ ਗਈਆਂ।
ਨੌਜਵਾਨ ਕੁੜੀਆਂ ਉਤਰੀਆਂ ਮੈਦਾਨ ਵਿੱਚ
ਉਮਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ 25 ਤੋਂ 35 ਸਾਲ ਉਮਰ ਵਰਗ ਦੀਆਂ ਕੁਲ 20 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂਕਿ 36 ਤੋਂ 45 ਸਾਲ ਉਮਰ ਵਰਗ ਦੀਆਂ 30 ਮਹਿਲਾਵਾਂ ਕਿਸਮਤ ਅਜਮਾ ਰਹੀਆਂ ਹਨ। ਇਸ ਤੋਂ ਇਲਾਵਾ 46 ਤੋਂ 55 ਸਾਲ ਦੀਆਂ 27 ਮਹਿਲਾਵਾਂ ਚੋਣ ਮੈਦਾਨ ਵਿੱਚ ਹਨ, ਜਦੋਂਕਿ 56 ਤੋਂ 65 ਸਾਲ ਦੀਆਂ 13 ਮਹਿਲਾਵਾਂ ਨੇ ਇਨ੍ਹਾਂ ਚੋਣਾਂ ਵਿੱਚ ਤਾਲ ਠੋਕੀ ਹੈ। ਇਹੋ ਨਹੀਂ 65 ਸਾਲ ਦੀ ਉਮਰ ਪਾਰ ਹੋਣ ਦੇ ਬਾਵਜੂਦ ਵੀ ਮਹਿਲਾਵਾਂ ਨੇ ਰਾਜਨੀਤੀ ਵਿੱਚ ਦਿਲਚਸਪੀ ਵਿਖਾਈ ਹੈ, ਉਸ ਉਮਰ ਵਰਗ ਦੀਆਂ ਕੁਲ 13 ਮਹਿਲਾਵਾਂ ਚੋਣ ਲੜ ਰਹੀਆਂ ਹਨ।
ਇਹ ਹੈ ਹਲਕਿਆਂ ਦੀ ਸਥਿਤੀ
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਦੇ ਜਦੋਂ ਨਤੀਜੇ ਆਉਣਗੇ ਤਾਂ ਅਨੇਕ ਅਜਿਹੇ ਹਲਕੇ ਹੋਣਗੇ, ਜਿਨ੍ਹਾਂ ਵਿੱਚੋਂ ਕਿਸੇ ਮਹਿਲਾ ਕੋਲ ਪ੍ਰਤੀਨਿਧਤਾ ਕਰਨ ਦਾ ਮੌਕਾ ਹੀ ਨਹੀਂ ਹੋਵੇਗਾ। ਹਾਲਾਂਕਿ ਇਹ ਚੋਣ ਜਿੱਤਣ ’ਤੇ ਹੀ ਨਿਰਭਰ ਕਰਦਾ ਕਿ ਕਿਸੇ ਹਲਕੇ ਦੀ ਪ੍ਰਤੀਨਿਧਤਾ ਕੌਣ ਕਰੇਗਾ ਪਰ ਸੂਬੇ ਦੀਆਂ ਕੁਲ 117 ਸੀਟਾਂ ਵਿੱਚੋਂ ਕੁਲ 52 ਹਲਕੇ ਅਜਿਹੇ ਹਨ, ਜਿਥੇ ਮਹਿਲਾ ਉਮੀਦਵਾਰ ਹੀ ਨਹੀਂ ਹੈ। ਉਂਜ 41 ਹਲਕੇ ਅਜਿਹੇ ਹਨ, ਜਿੱਥੋਂ ਇੱਕ-ਇੱਕ ਮਹਿਲਾ ਉਮੀਦਵਾਰ ਚੋਣ ਲੜ ਰਹੀ ਹੈ ਤੇ 18 ਹਲਕਿਆਂ ਵਿੱਚ ਦੋ-ਦੋ ਮਹਿਲਾ ਉਮੀਦਵਾਰ ਹਨ ਤੇ ਛੇ ਹਲਕਿਆਂ ਵਿੱਚ ਤਿੰਨ-ਤਿੰਨ ਮਹਿਲਾਵਾਂ ਚੋਣ ਮੈਦਾਨ ਵਿੱਚ ਨਿਤਰੀਆਂ ਹਨ।
ਇਹ ਵੀ ਪੜ੍ਹੋ:ਚੋਣ ਪ੍ਰਚਾਰ ਦੇ ਆਖਿਰੀ ਦਿਨ ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀ