ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਨਵੇਂ ਪੇਅ ਸਕੇਲ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸੈਕਟਰ 18 ਸਥਿਤ ਜਲ ਸਰੋਤ ਵਿਭਾਗ ਦੇ ਬਾਹਰ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰਾ ਕੀਤਾ।
3 ਅਗਸਤ ਤੋਂ ਕਲਮ ਛੋੜ ਹੜਤਾਲ
ਸਾਂਝਾ ਮੁਲਾਜ਼ਮ ਮੰਚ ਚੰਡੀਗੜ੍ਹ ਦੇ ਕਨਵੀਨਰ ਜਗਦੇਵ ਕੌਲ ਨੇ ਦੱਸਿਆ ਕਿ 21 ਤਰੀਕ ਤੋਂ ਲੈ ਕੇ 31 ਤਰੀਕ ਤੱਕ ਹਰ ਕਰਮਚਾਰੀ ਆਪਣੇ ਦਫ਼ਤਰ ਵਿੱਚ ਕਾਲਾ ਮਾਸਕ ਅਤੇ ਕਾਲਾ ਬਿੱਲਾ ਲਗਾ ਕੇ ਰੋਸ ਪ੍ਰਦਰਸ਼ਨ ਕਰੇਗਾ। ਇਸ ਤੋਂ ਬਾਅਦ ਵੀ ਜੇ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ ਤਾਂ ਉਹ 3 ਅਗਸਤ ਤੋਂ ਕਲਮ ਛੋੜ ਹੜਤਾਲ ਸ਼ੁਰੂ ਕਰ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਫ਼ਸਰਾਂ ਨੂੰ ਦਫਤਰਾਂ 'ਚ ਲਿਆਉਣ ਲਈ ਮੁਲਾਜ਼ਮਾਂ ਨੂੰ ਮਨ੍ਹਾ ਕਰ ਦਿੱਤਾ ਜਾਵੇਗਾ।
ਮੁਲਾਜ਼ਮਾਂ ਨਾਲ ਹੋਵੇਗਾ ਧੱਕਾ
ਕੋ ਕਨਵੀਨਰ ਜਸਦੇਵ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ 'ਤੇ ਪੰਜਾਬ ਸਰਕਾਰ ਜੋ ਨਵਾਂ ਪੇਅ ਸਕੇਲ ਦੇਣ ਬਾਰੇ ਗੱਲ ਕਰ ਰਹੀ ਹੈ, ਉਹ ਸਰਾਸਰ ਮੁਲਾਜ਼ਮਾਂ ਨਾਲ ਧੱਕਾ ਹੈ।
ਸਵਾਲਾਂ ਦੇ ਘੇਰੇ 'ਚ ਸਾਬਕਾ ਚੀਫ਼ ਸੈਕਟਰੀ
ਉੱਥੇ ਹੀ ਸਰਕਾਰ 'ਤੇ ਵਰਦਿਆਂ ਪੰਜਾਬ ਸਾਂਝਾ ਮੁਲਾਜ਼ਮ ਮੰਚ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕੀ ਚੀਫ਼ ਸੈਕਟਰੀ ਅਹੁਦੇ ਤੋਂ ਰਿਟਾਇਰਡ ਹੋਣ ਤੋਂ ਬਾਅਦ ਵੀ ਕਰਨ ਅਵਤਾਰ ਸਿੰਘ ਨੂੰ ਇਸ ਮਹਿਕਮੇ ਦਾ ਚੇਅਰਮੈਨ ਲਗਾਇਆ ਗਿਆ। ਉਨ੍ਹਾਂ ਨੂੰ ਚੀਫ਼ ਜਸਟਿਸ ਵਾਲੀ ਤਨਖ਼ਾਹ ਅਤੇ ਕੋਠੀ ਸਣੇ ਸਾਰੀ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਸਾਬਕਾ ਚੀਫ਼ ਸੈਕਟਰੀ ਨੂੰ ਜੇ ਕੰਮ ਕਰਨ ਦਾ ਇਨ੍ਹਾਂ ਹੀ ਸ਼ੌਕ ਹੈ ਤਾਂ ਉਹ ਆਪਣੀ ਤਨਖ਼ਾਹ ਕਿਉਂ ਲੈ ਰਹੇ ਹਨ ਜੇ ਉਨ੍ਹਾਂ ਦੀ ਪੈਨਸ਼ਨ ਸਮੇ 'ਤੇ ਆ ਰਹੀ ਹੈ। ਖਹਿਰਾ ਨੇ ਕਿਹਾ ਕਿ ਚਪੜਾਸੀ, ਕਲਰਕ ਤੇ ਕਿਸੇ ਵੀ ਅਫਸਰ ਕੋਲੋਂ 200 ਰੁਪਏ ਪ੍ਰੋਫੈਸ਼ਨਲ ਟੈਕਸ ਲਿਆ ਜਾ ਰਿਹਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਵਿਧਾਇਕਾਂ ਨੇ ਹੁਣ ਤੱਕ 200 ਰੁਪਏ ਪ੍ਰੋਫੈਸ਼ਨਲ ਟੈਕਸ ਨਹੀਂ ਦਿੱਤਾ।