ਨਵਜੋਤ ਸਿੰਘ ਸਿੱਧੂ ਦਾ ਜਨਮ 20 ਅਕਤੂਬਰ 1963 ਨੂੰ ਪਟਿਆਲਾ 'ਚ ਹੋਇਆ। ਸਿੱਧੂ ਸਾਲ 1983 ਤੋਂ 1999 ਤੱਕ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਜਿਥੇ ਉਨ੍ਹਾਂ ਇੱਕ ਚੰਗੇ ਬੱਲੇਬਾਜ਼ ਵਜੋਂ ਆਪਣੀ ਪਹਿਚਾਣ ਸਥਾਪਤ ਕੀਤੀ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਸਭ ਤੋਂ ਪਹਿਲਾਂ ਕ੍ਰਿਕਟ ਲਈ ਕੁਮੈਂਟਰੀ ਕਰਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਰਾਜਨੀਤੀ 'ਚ ਆਪਣਾ ਪੈਰ ਰੱਖਿਆ ਅਤੇ ਇੱਕ ਬੇਬਾਕ ਲੀਡਰ ਵਜੋਂ ਉਭਰ ਕੇ ਸਾਹਮਣੇ ਆਏ। ਇਸ ਦੇ ਨਾਲ ਹੀ ਸਿੱਧੂ ਵਲੋਂ ਕਈ ਟੀਵੀ ਪ੍ਰੋਗਰਾਮਾਂ 'ਚ ਵੀ ਸ਼ਮੂਲੀਅਤ ਕੀਤੀ ਗਈ।
ਰਾਜਨੀਤੀ 'ਚ ਰੱਖਿਆ ਕਦਮ
ਨਵਜੋਤ ਸਿੱਧੂ ਨੇ ਸਾਲ 2004 'ਚ ਭਾਜਪਾ ਦੀ ਟਿਕਟ ਤੋਂ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚੋਣ ਲੜੀ, ਜਿਥੇ ਉਨ੍ਹਾਂ ਜਿੱਤ ਹਾਸਲ ਕੀਤੀ।ਸਾਲ 1988 ਤੋਂ ਚੱਲੇ ਆ ਰਹੇ ਕਤਲ ਮਾਮਲੇ ਨਵਜੋਤ ਸਿੱਧੂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਸ 'ਚ ਸਾਲ 2006 'ਚ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਅਦਾਲਤ ਵਲੋਂ ਸੁਣਾਈ ਗਈ। ਇਸ ਦੇ ਚੱਲਦਿਆਂ ਨਵਜੋਤ ਸਿੱਧੂ ਵਲੋਂ ਆਪਣੀ ਸੀਟ ਤੋਂਅਸਤੀਫ਼ਾ ਦੇਣ ਦੇ ਨਾਲ ਹੀ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਗਈ। ਜਿਸ ਦੇ ਚੱਲਦਿਆਂ ਸੁਪਰੀਮ ਕੋਰਟ ਵਲੋਂ ਸਿੱਧੂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਗਈ।
ਮੁੜ ਲੋਕ ਸਭਾ ਚੋਣ ਲੜੀ
ਸਜ਼ਾ 'ਤੇ ਰੋਕ ਲੱਗਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਮੁੜ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਵਲੋਂ ਚੋਣ ਲੜੀ ਗਈ, ਜਿਸ 'ਚ ਉਨ੍ਹਾਂ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਗਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਸਾਲ 2009 'ਚ ਮੁੜ ਹੋਈਆਂ ਚੋਣਾਂ 'ਚ ਨਵਜੋਤ ਸਿੱਧੂ ਨੇ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਅਰੁਣ ਜੇਤਲੀ ਨੂੰ ਮਿਲੀ ਅੰਮ੍ਰਿਤਸਰ ਸੀਟ
ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਸੀ , ਪਰ ਨਵਜੋਤ ਸਿੱਧੂ ਦੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨਾਲ ਨੇੜਤਾ ਕੁਝ ਘੱਟ ਸੀ। ਜਿਸ ਦਾ ਸਿਆਸੀ ਗਲਿਆਰਿਆਂ 'ਚ ਸਭ ਨੂੰ ਪਤਾ ਸੀ। ਸਾਲ 2014 'ਚ ਮੁੜ ਹੋਈਆਂ ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਦੀ ਨਵਜੋਤ ਸਿੱਧੂ ਵਾਲੀ ਸੀਟ ਅਰੁਣ ਜੇਤਲੀ ਨੂੰ ਦੇ ਦਿੱਤੀ ਗਈ, ਜਿਸ ਤੋਂ ਸ਼ਾਇਦ ਸਿੱਧੂ ਨਰਾਜ਼ ਸੀ। ਇਸ ਦਾ ਨਤੀਜ਼ਾ ਇਹ ਰਿਹਾ ਕਿ ਪਿਛਲੀਆਂ ਚੋਣਾਂ 'ਚ ਜਿੱਤਦੀ ਆ ਰਹੀ ਭਾਜਪਾ ਨੂੰ ਉਥੇ ਹਾਰ ਦਾ ਸਾਹਮਣਾ ਕਰਨਾ ਪਿਆ।
ਕਮਲ ਛੱਡ ਫੜਿਆ ਪੰਜਾ
ਸਾਲ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਭਾਜਪਾ ਛੱਡ ਕਿਸੇ ਹੋਰ ਪਾਰਟੀ 'ਚ ਜਾਣ ਦੇ ਕਿਆਸ ਲੱਗੇ ਸ਼ੁਰੂ ਹੋ ਗਏ। ਉਨ੍ਹਾਂ ਦੀ ਨਰਾਜ਼ਗੀ ਦੇ ਚੱਲਦਿਆਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ 'ਚ ਜਾਣਗੇ ਪਰ ਕਾਂਗਰਸ 'ਚ ਸ਼ਾਮਲ ਹੋ ਕੇ ਉਠ ਰਹੇ ਸਾਰੇ ਸਵਾਲਾਂ ਨੂੰ ਉਨ੍ਹਾਂ ਖ਼ਤਮ ਕਰ ਦਿੱਤਾ। ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਵਿਧਾਨਸਭਾ ਚੋਣਾਂ ਲੜੀਆਂ ਗਈਆਂ, ਜਿਸ 'ਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ।
ਕੈਬਨਿਟ ਵਜ਼ੀਰੀ ਦਾ ਸਫ਼ਰ
ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਵਿਸਥਾਰ ਮੌਕੇ ਨਵਜੋਤ ਸਿੱਧੂ ਨੂੰ ਸੈਰ ਸਪਾਟਾ ਵਿਭਾਗ ਦਿੱਤਾ ਗਿਆ। ਜਿਸ 'ਚ ਉਨ੍ਹਾਂ ਵਲੋਂ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਸ ਤੋਂ ਬਾਅਦ ਕੈਬਨਿਟ 'ਚ ਫੇਰਬਦਲ ਦੇ ਚੱਲਦਿਆਂ ਸਿੱਧੂ ਕੋਲੋਂ ਇਹ ਵਿਭਾਗ ਲੈਕੇ ਉਸ ਨੂੰ ਬਿਜਲੀ ਵਿਭਾਗ ਦਿੱਤਾ ਗਿਆ, ਪਰ ਉਨ੍ਹਾਂ ਵਲੋਂ ਨਰਾਜ਼ਗੀ ਜ਼ਾਹਿਰ ਕਰਦਿਆਂ ਇਹ ਵਿਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਨਵਜੋਤ ਸਿੱਧੂ ਆਪਣੀ ਹੀ ਪਾਰਟੀ 'ਚ ਬਗਾਵਤ ਕਰਦੇ ਨਜ਼ਰ ਆਏ।
ਸਿੱਧੂ ਦੇ ਟਵੀਟ ਬੰਬ
ਲੰਬੇ ਸਮੇਂ ਤੋਂ ਆਪਣੀ ਪਾਰਟੀ ਤੋਂ ਨਰਾਜ਼ ਚੱਲ ਰਹੇ ਸਿੱਧੂ ਵਲੋਂ ਆਪਣੀ ਹੀ ਪਾਰਟੀ 'ਚੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ। ਜਿਸ ਦੇ ਚੱਲਦਿਆਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਟਵੀਟ ਰਾਹੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਗਏ। ਜਿਸ ਨੂੰ ਲੈਕੇ ਦਿਨ ਪਰ ਦਿਨ ਮਾਮਲਾ ਵੱਧਦਾ ਗਿਆ ਅਤੇ ਕਾਂਗਰਸ ਦਾ ਕਾਟੋ ਕਲੇਸ਼ ਜੱਗ ਜਾਹਿਰ ਹੋ ਗਿਆ।
ਹਾਈਕਮਾਨ ਵਲੋਂ ਕਮੇਟੀ ਦਾ ਗਠਨ
ਕਾਂਗਰਸ ਦੇ ਚੱਲ ਰਹੇ ਕਲੇਸ਼ ਤੋਂ ਬਾਅਦ ਹਾਈਕਮਾਨ ਤੱਕ ਮਾਮਲਾ ਪਹੁੰਚਿਆ ਅਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ। ਜਿਨ੍ਹਾਂ ਵਲੋਂ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਰਿਪੋਰਟ ਸੌਂਪੀ ਗਈ। ਜਿਸ ਤੋਂ ਬਾਅਦ ਸਾਰਾ ਮਾਮਲਾ ਹਾਈਕਮਾਨ ਦੇ ਸਾਹਮਣੇ ਹੈ।
ਸਿੱਧੂ ਨੂੰ ਪ੍ਰਧਾਨਗੀ ਦੇ ਕਿਆਸ
ਕਾਂਗਰਸ ਦੇ ਲੰਬੇ ਕਲੇਸ਼ ਤੋਂ ਬਾਅਦ ਹਾਈਕਮਾਨ ਵਲੋਂ ਵਿਚੋਲਗੀ ਦੀ ਭੂਮਿਕਾ ਨਿਭਾਉਂਦਿਆਂ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਦੇ ਯਤਨ ਕੀਤੇ ਗਏ। ਇਸ ਦੇ ਚੱਲਦਿਆਂ ਇਹ ਕਿਆਸ ਸ਼ੁਰੂ ਹੋ ਗਏ ਕਿ ਨਵਜੋਤ ਸਿੱਧੂ ਨੂੰ ਵੱਡੀ ਜਿੰਮੇਵਾਰੀ ਦਿੰਦਿਆਂ ਇਹ ਮਾਮਲਾ ਸ਼ਾਂਤ ਕੀਤਾ ਜਾਵੇਗਾ। ਇਸ ਦੇ ਚੱਲਦਿਆਂ ਹੁਣ ਸੂਤਰਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਨਾ ਲੱਗਭਗ ਤੈਅ ਹੈ , ਸਿਰਫ਼ ਰਸਮੀ ਐਲਾਨ ਹੋਣਾ ਬਾਕੀ ਹੈ।