ਚੰਡੀਗੜ੍ਹ: ਕਈ ਵਕਾਰੀ ਕੇਸ ਲੜ੍ਹ ਚੁੱਕੇ ਅਤੇ ਹਮੇਸ਼ਾ ਸਮਾਜਿਕ ਸਰੋਕਾਰਾਂ ਦੀ ਅਵਾਜ਼ ਚੁੱਕਦੇ ਹੋਏ ਵਿਖਾਈ ਦਿੰਦੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਜਾਗਦਾ ਪੰਜਾਬ ਮੰਚ ਦੇ ਸੱਦੇ 'ਤੇ ਚੰਡੀਗੜ੍ਹ ਪਹੁੰਚੇ। ਇਸ ਮੌਕੇ ਉਨ੍ਹਾਂ ਦੇਸ਼ ਦੀ ਮੌਜੂਦਾ ਰਾਜਨੀਤਿਕ ਮਾਹੌਲ ਨੂੰ ਲੈ ਕੇ ਗੱਲਬਾਤ ਕੀਤੀ। ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਉਨ੍ਹਾਂ ਭਾਜਪਾ ਸਰਕਾਰ 'ਤੇ ਦੇਸ਼ ਦੀ ਲੋਕਤਾਂਤਰਿਕ ਸੰਸਥਾਵਾਂ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਗਾਇਆ ਹੈ।
ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੱਥਾਂ ਵਿੱਚ ਲੋਕਤੰਤਰ ਸੁਰੱਖਿਅਤ ਨਹੀਂ ਹੈ। ਪ੍ਰਸ਼ਾਂਤ ਭੂਸ਼ਣ ਨੇ ਦੱਸਿਆ ਕਿ ਨਿਆਂਪਾਲਕਾ, ਇੰਟੈਲੀਜੈਂਸ ਬਿਊਰੋ, ਈਡੀ, ਕੈਗ ਸਮੇਤ ਚੋਣ ਕਮਿਸ਼ਨ ਵੀ ਸਰਕਾਰ ਦੀ ਕਠਪੁਤਲੀ ਬਣ ਗਏ ਹਨ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਕੈਗ ਨੇ ਰਾਫੇਲ ਸੌਦੇ 'ਤੇ ਪ੍ਰਾਈਜ਼ਿੰਗ ਡਿਟੇਲ ਹੀ ਫਾਈਲ ਵਿੱਚੋਂ ਉਡਾ ਦਿੱਤੀ ਹੈ ਜੋ ਕਿ 70 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੀਤਾ ਗਿਆ। ਇਸ ਤੋਂ ਸਾਫ ਪਤਾ ਚੱਲਦਾ ਕਿ ਭਾਜਪਾ ਸਰਕਾਰ ਕਿਸ ਤਰੀਕੇ ਨਾਲ ਦੇਸ਼ ਨੂੰ ਲੁੱਟ ਰਹੀ ਹੈ।
ਭੂਸ਼ਣ ਦੇ ਕਾਂਗਰਸ ਪੱਖੀ ਹੋਣ ਦੇ ਲੱਗਦੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਨਹੀਂ ਕਹਿੰਦੇ ਕਿ ਕਾਂਗਰਸ ਇੱਕ ਚੰਗੀ ਪਾਰਟੀ ਹੈ ਪਰ ਬੀਜੇਪੀ ਤੋਂ ਘੱਟ ਬੁਰੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਇੱਕ ਸੱਭਿਅਕ ਲੋਕ ਹਨ ਜੋ ਕਿ ਘੱਟੋ ਘੱਟ ਸੱਚ ਤਾਂ ਬੋਲਦੇ ਹਨ ਅਤੇ ਵੱਡੇ ਮੁੱਦਿਆਂ 'ਤੇ ਮਾਹਿਰਾਂ ਨਾਲ ਗੱਲਬਾਤ ਵੀ ਕਰਦੇ ਹਨ। ਇਸ ਦੇ ਉਲਟ ਮੌਜੂਦਾ ਭਾਜਪਾ ਸਰਕਾਰ ਬਿਨ੍ਹਾਂ ਕਿਸੇ ਦੀ ਸਲਾਹ ਤੋਂ ਵੱਡੇ-ਵੱਡੇ ਫ਼ੈਸਲੇ ਕਰ ਲੈਂਦੀ ਹੈ ਤੇ ਨਿਰੰਤਰ ਝੂਠ ਬੋਲਦੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਚਾਹੇ ਨੋਟਬੰਦੀ ਹੋਵੇ ਜਾਂ ਜੀਐੱਸਟੀ ਦਾ ਫੈਸਲਾ ਹੋਵੇ ਜਾਂ ਲੌਕਡਾਊਨ ਦੌਰਾਨ ਦੇਸ਼ ਨੂੰ ਬਰਬਾਦ ਕਰਨ 'ਤੇ ਲੱਗੇ ਹੋਏ ਹਨ।