ਚੰਡੀਗੜ੍ਹ: ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਰਿਪਡ ਜੀਂਸ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਤਰਾਜ਼ ਜਤਾਉਂਦਿਆਂ ਮੁੱਖ ਮੰਤਰੀ ਨੂੰ ਕਈ ਸਵਾਲ ਕੀਤੇ ਹਨ। ਇਸ ਦੌਰਾਨ ਈਟੀਵੀ ਭਾਰਤ ਨਾਲ ਮਨੀਸ਼ਾ ਗੁਲਾਟੀ ਨੇ ਗੱਲਬਾਤ ਕੀਤੀ।
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਰਿਪਡ ਜੀਂਸ ਬਾਰੇ ਦਿੱਤੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ?
ਜਵਾਬ: ਮਨੀਸ਼ਾ ਗੁਲਾਟੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਰਿਪਡ ਜੀਂਸ ਬਾਰੇ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਿਹੀ ਸੰਵਿਧਾਨਿਕ ਪੋਸਟ ਉੱਤੇ ਬੈਠ ਕੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ। ਜਦ ਕਿ ਉੱਤਰਾਖੰਡ ਵਿੱਚ 50 ਫ਼ੀਸਦੀ ਮਹਿਲਾਵਾਂ ਦੀ ਵੋਟ ਹੈ ਤੇ ਔਰਤਾਂ ਨੂੰ ਕੀ ਪਹਿਨਣਾ ਚਾਹੀਦਾ ਹੈ ਜਾਂ ਕੀ ਨਹੀਂ ਇਸ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਅਜਿਹਾ ਕਾਨੂੰਨ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਮਹਿਲਾਵਾਂ ਉੱਪਰ ਅਜਿਹੀਆਂ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਕੀ ਤੁਸੀਂ ਅਜਿਹੇ ਕਾਨੂੰਨ ਬਣਾਉਣ ਬਾਰੇ ਕੋਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਰਹੇ ਹੋ ?
ਜਵਾਬ: ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਹੋਇਆ ਅਤੇ ਉਹ ਇੰਤਜ਼ਾਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਤੋਂ ਸੁਨੇਹਾ ਮਿਲਦਾ ਹੈ। ਉਨ੍ਹਾਂ ਵੱਲੋਂ ਪਿਛਲੀ ਵਾਰ ਜਦੋਂ ਪੀਐਮ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਇਨ੍ਹਾਂ ਰਾਹੀਂ ਵਿਦੇਸ਼ੀ ਲੜਕੀਆਂ ਔਰਤਾਂ ਦੇ ਮੁੱਦੇ ਉੱਪਰ ਨਵੇਂ ਕਾਨੂੰਨ ਬਣਾਉਣ ਲਈ ਚਰਚਾ ਕੀਤੀ ਗਈ ਸੀ। ਇਸ ਨੂੰ ਲੈ ਕੇ ਕਈ ਸੁਜੈਸ਼ਨਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗੇ ਸਨ ਤੇ ਉਹ ਹੁਣ ਨਵੇਂ ਕਾਨੂੰਨ ਬਣਾਉਣ ਬਾਬਤ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਤਾਂ ਜੋ ਮਹਿਲਾਵਾਂ ਉੱਪਰ ਹੋ ਰਹੇ ਅੱਤਿਆਚਾਰ ਨੂੰ ਰੋਕਿਆ ਜਾ ਸਕੇ।
ਥੋੜ੍ਹੇ ਦਿਨ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਪਰ ਰਿਪਡ ਜੀਂਸ ਵਾਲੀਆਂ ਸਟੇਟਮੈਂਟਾਂ ਆਉਣ ਨਾਲ ਕਿਹੋ ਜਿਹਾ ਪ੍ਰਭਾਵ ਸਮਾਜ ਉੱਪਰ ਪੈ ਰਿਹਾ ਹੈ ?
ਜਵਾਬ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਨਰਿੰਦਰ ਮੋਦੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਮਹਿਲਾ ਕਮਿਸ਼ਨ ਨੂੰ ਇੱਕ ਸੰਵਿਧਾਨਿਕ ਪੋਸਟ ਬਣਾ ਦੇਣੀ ਚਾਹੀਦੀ ਹੈ ਅਤੇ ਜੇਕਰ ਕੇਂਦਰ ਸਰਕਾਰ ਮਹਿਲਾ ਕਮਿਸ਼ਨ ਨੂੰ ਸੰਵਿਧਾਨਿਕ ਪੋਸਟ ਬਣਾ ਦਿੰਦੀ ਹੈ ਤਾਂ ਸੂਬਾ ਸਰਕਾਰ ਵੀ ਇਸ ਨੂੰ ਸੰਵਿਧਾਨਿਕ ਪੋਸਟ ਬਣਾ ਦੇਵੇਗੀ ਜਿਸ ਨਾਲ ਔਰਤਾਂ ਉੱਤੇ ਹੋਣ ਵਾਲੇ ਜ਼ੁਲਮ ਘਟ ਜਾਣਗੇ। ਕਿਉਂਕਿ ਔਰਤਾਂ ਉੱਪਰ ਜ਼ੁਲਮ ਕਰਨ ਵਾਲਿਆਂ ਖ਼ਿਲਾਫ਼ ਫਿਰ ਡਾਇਰੈਕਟ ਕਮਿਸ਼ਨ ਵੱਡੇ ਫ਼ੈਸਲੇ ਉੱਤੇ ਸਖ਼ਤ ਫ਼ੈਸਲੇ ਵੀ ਕਰ ਸਕੇਗਾ।
ਐਨ.ਆਰ.ਆਈ ਲੜਕੀਆਂ ਦੇ ਮੁੱਦੇ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕੋਗੇ ?
ਜਵਾਬ: ਮਨੀਸ਼ਾ ਗੁਲਾਟੀ ਨੇ ਕਿਹਾ ਕਿ ਵਿਦੇਸ਼ੀ ਲੜਕੀਆਂ ਦੇ ਮਾਮਲੇ ਵਿੱਚ ਨਵੇਂ ਕਾਨੂੰਨ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣੇ ਹਨ ਤਾਂ ਜੋ ਨਵੇਂ ਕਾਨੂੰਨ ਦੂਸਰੇ ਵਿਦੇਸ਼ੀ ਮੁਲਕਾਂ ਨੂੰ ਭੇਜੇ ਜਾ ਸਕਣ ਇਸ ਤੋਂ ਇਲਾਵਾ ਉਹ ਹੋਰ ਕਈ ਨਵੇਂ ਮੁੱਦੇ ਸਰਕਾਰ ਕੋਲ ਰੱਖਣਗੇ।