ਚੰਡੀਗੜ੍ਹ: ਕੌਮੀ ਰਾਜਧਾਨੀ ਵਿੱਚ ਕੋਵਿਡ ਦੀ ਭਿਆਨਕ ਸਥਿਤੀ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਂਮਾਰੀ ਮੌਕੇ ਘਟੀਆ ਸਿਆਸਤ ਖੇਡਣ ਲਈ ਆਮ ਆਦਮੀ ਪਾਰਟੀ ਦੀ ਕਰੜੀ ਆਲੋਚਨਾ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੀ ਸਥਿਤੀ ਨਾਲ ਨਿਪਟਣ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਕਾਰਤਮਕ ਪ੍ਰਚਾਰ ਕਰਨ ਲਈ 'ਆਪ' ਦੀ ਮੁਹਿੰਮ ਨੂੰ 'ਗੈਰ-ਜ਼ਿੰਮੇਵਾਰਾਨਾ' ਕਰਾਰ ਦਿੱਤਾ ਹੈ।
ਸੂਬੇ ਵਿੱਚ ਕੋਵਿਡ ਦੇ ਸੰਕਟ 'ਤੇ ਵਿਚਾਰ ਕਰਨ ਲਈ ਕਾਂਗਰਸੀ ਵਿਧਾਇਕਾਂ ਨਾਲ ਚੌਥੇ ਦੌਰ ਦੀ ਵਰਚੂਅਲ ਮੀਟਿੰਗ ਵਿੱਚ ਮੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆਂ ਵਾਂਗ ਭਾਰਤ ਵੀ ਜੰਗ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦਾ ਸਾਹਮਣਾ ਇਕਜੁਟਤਾ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਸੰਕਟ ਦੌਰਾਨ ਵੀ ਘਟੀਆ ਸਿਆਸਤ ਖੇਡਣ 'ਤੇ ਉਤਾਰੂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਸੂਬਿਆਂ ਇੱਥੋਂ ਤੱਕ ਕਿ ਜਿੱਥੇ ਉਨ੍ਹਾਂ ਦੀ ਸਰਕਾਰ ਵੀ ਨਹੀਂ ਹੈ, ਵਿੱਚ ਮਹਾਂਮਾਰੀ ਨਾਲ ਨਿਪਟਣ ਲਈ ਸਰਕਾਰਾਂ ਦੀ ਮਦਦ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਸੂਬੇ ਭਾਵੇਂ ਉਹ ਦਿੱਲੀ, ਹਿਮਾਚਲ ਪ੍ਰੇਦਸ਼ ਜਾਂ ਹਰਿਆਣਾ ਹੋਵੇ, ਦੀ ਮਦਦ ਕਰਨ ਲਈ ਤਿਆਰ ਹਨ। ਇਸ ਸੰਕਟ ਨਾਲ ਨਜਿੱਠਣ ਦਾ ਇਹੀ ਇਕ ਰਸਤਾ ਹੈ। ਉਨ੍ਹਾਂ ਕਿਹਾ,''ਜੇਕਰ ਕੱਲ੍ਹ ਨੂੰ ਦਿੱਲੀ ਨੂੰ ਮੇਰੀ ਮਦਦ ਦੀ ਲੋੜ ਪਈ ਤਾਂ ਮੈਂ ਬਿਲਕੁਲ ਇਸ ਮਦਦ ਦੀ ਪੇਸ਼ਕਸ਼ ਕਰਾਂਗਾ''।
ਉਨ੍ਹਾਂ ਦੱਸਿਆ ਕਿ ਆਪ ਦੁਆਰਾ ਪੇਸ਼ ਕੀਤੀ ਜਾ ਰਹੀ ਤਸਵੀਰ ਦੇ ਉਲਟ ਸੱਚਾਈ ਇਹ ਹੈ ਕਿ ਪੰਜਾਬ ਨਾਲੋਂ ਦਿੱਲੀ ਦੀ ਹਾਲਤ ਕਿਤੇ ਵੱਧ ਖਰਾਬ ਹੈ। ਪੰਜਾਬ ਵਿੱਚ 18,000 ਸਰਗਰਮ ਮਾਮਲੇ ਹਨ ਜਦਕਿ ਆਬਾਦੀ 2.90 ਕਰੋੜ ਹੈ ਜਦੋਂ ਕਿ 1.80 ਕਰੋੜ ਦੀ ਆਬਾਦੀ ਵਾਲੀ ਦਿੱਲੀ ਵਿੱਚ 25,000 ਤੋਂ ਵੀ ਵੱਧ ਐਕਟਿਵ ਮਾਮਲੇ ਹਨ। ਹਰਿਆਣਾ ਦੀ ਆਬਾਦੀ ਵੀ ਪੰਜਾਬ ਨਾਲੋਂ ਘੱਟ ਹੈ ਪਰ ਮਾਮਲੇ ਪੰਜਾਬ ਦੇ ਬਰਾਬਰ ਹੀ ਹਨ।
ਗਰੀਬ ਵਰਗ ਦੇ ਲੋਕਾਂ ਨੂੰ ਜਾਂਚ ਕਰਵਾਉਣ ਲਈ ਸਾਹਮਣੇ ਆਉਣ ਹਿੱਤ ਹੱਲਾਸ਼ੇਰੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੇ ਲੋਕਾਂ ਨੂੰ ਖਾਣੇ ਦੇ ਮੁਫ਼ਤ ਪੈਕੇਟ ਵੰਡਣੇ ਸ਼ੁਰੂ ਕਰ ਦਿੱਤੇ ਹਨ ਜੋ ਕਿ ਇਕਾਂਤਵਾਸ ਵਿਚ ਹਨ ਅਤੇ ਜਿਨ੍ਹਾਂ ਕੋਲ ਇਸ ਸਥਿਤੀ ਵਿਚ ਰੋਜ਼ੀ-ਰੋਟੀ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਵਿਧਾਇਕਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਾਣੇ ਦੇ ਪੈਕੇਟ ਲੋੜਵੰਦ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਗਰੀਬ ਲੋਕ ਇਕਾਂਤਵਾਸ ਦੌਰਾਨ ਰੋਜ਼ੀ-ਰੋਟੀ ਤੋਂ ਵਿਰਵੇ ਹੋਣ ਦੇ ਡਰ ਕਾਰਨ ਜਾਂਚ ਲਈ ਸਾਹਮਣੇ ਆਉਣ ਤੋਂ ਗੁਰੇਜ਼ ਨਾ ਕਰਨ।
ਜ਼ਿਆਦਾਤਰ ਵਿਧਾਇਕਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਵਿਰੋਧੀ ਪਾਰਟੀਆਂ, ਜੋ ਕਿ ਸਿਆਸੀ ਗਤੀਵਿਧੀਆਂ ਲਈ ਨਿਯਮ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹਨ, ਵੱਲੋਂ ਕੀਤਾ ਜਾ ਰਿਹਾ ਨਕਾਰਾਤਮਕ ਪ੍ਰਚਾਰ ਲੋਕਾਂ ਨੂੰ ਛੇਤੀ ਜਾਂਚ ਲਈ ਸਾਹਮਣੇ ਆਉਣ ਲਈ ਪ੍ਰੇਰਿਤ ਕਰਨ ਦੇ ਰਾਹ ਵਿਚ ਅੜਿੱਕਾ ਬਣ ਰਿਹਾ ਹੈ ਅਤੇ ਸਾਰੀਆਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ।
ਵਿਧਾਇਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਨਿੱਜੀ ਹਸਪਤਾਲਾਂ ਵੱਲੋਂ ਕੋਵਿਡ ਸੰਕਟ ਦੌਰਾਨ ਮੁਨਾਫਾਖੋਰੀ ਦੇ ਚੱਕਰ ਵਿਚ ਮਰੀਜ਼ਾਂ ਪਾਸੋਂ ਕਾਫੀ ਵੱਧ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ ਬਾਵਜੂਦ ਇਸ ਦੇ ਕਿ ਸੂਬਾ ਸਰਕਾਰ ਨੇ ਕੀਮਤਾਂ ਤੈਅ ਕੀਤੀਆਂ ਹੋਈਆਂ ਹਨ।
ਅੱਜ ਦੀ ਵਰਚੂਅਲ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਧਾਇਕਾਂ ਵਿੱਚ ਬੱਸੀ ਪਠਾਣਾਂ ਤੋਂ ਗੁਰਪ੍ਰੀਤ ਸਿੰਘ ਜੀ.ਪੀ., ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਫਿਰੋਜ਼ਪੁਰ ਸ਼ਹਿਰੀ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ, ਬੱਲੂਆਣਾ ਤੋਂ ਨੱਥੂ ਰਾਮ, ਮੋਗਾ ਤੋਂ ਹਰਜੋਤ ਕਮਲ, ਜਲਾਲਾਬਾਦ ਤੋਂ ਰਮਿੰਦਰ ਆਵਲਾ, ਜਲੰਧਰ ਕੈਂਟ ਤੋਂ ਪਰਗਟ ਸਿੰਘ ਅਤੇ ਫਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਸਨ।