ਚੰਡੀਗੜ੍ਹ: ਪੰਜਾਬ ਦੇ ਅਕਾਲੀ ਵਿਧਾਇਕਾਂ ਵੱਲੋਂ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਦੇ ਮਾਮਲੇ ਨੂੰ ਲੈ ਚੰਡੀਗੜ੍ਹ 'ਚ ਸ਼ੁੱਕਰਵਾਰ ਨੂੰ ਅਹਿਮ ਬੈਠਕ ਹੋਈ। ਇਸ ਅਹਿਮ ਬੈਠਕ 'ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ, ਪੰਜਾਬ ਦੇ ਅਧਿਕਾਰੀ, ਚੰਡੀਗੜ੍ਹ ਪੁਲਿਸ ਤੇ ਹਰਿਆਣਾ ਪੁਲਿਸ ਦੇ ਅਧਿਕਾਰੀ, ਜਿਨ੍ਹਾਂ 'ਚ ਹਰਿਆਣਾ ਦੇ ਡੀਜੀਪੀ ਤੇ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਸਕੱਤਰ ਵੀ ਮੌਜੂਦ ਰਹੇ। ਇਸ ਦੌਰਾਨ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਦੇ ਸਕੱਤਰ ਵੀ ਮੌਜੂਦ ਰਹੇ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਇਸ ਘਟਨਾ ਦੀ ਨਿੰਦਿਆਂ ਕੀਤੀ। ਉਨ੍ਹਾਂ ਹਰਿਆਣਾ ਦੇ ਡੀਜੀਪੀ ਨੂੰ ਸੀਐਮ ਦਾ ਘਿਰਾਓ ਕਰਨ ਦੇ ਮਾਮਲੇ ਸਬੰਧੀ 5 ਦਿਨਾਂ ਵਿਚਾਲੇ ਕਾਰਵਾਈ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਰਿਪੋਰਟ ਵਿੱਚ ਘਟਨਾ ਦਾ ਕਾਰਨ, ਘਟਨਾ ਲਈ ਮੁੱਖ ਜ਼ਿੰਮੇਵਾਰ ਵਿਅਕਤੀ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਇਸ ਦੇ ਲਈ ਡੀਜੀਪੀ ਨੂੰ ਕਮੇਟੀ ਬਣਾ ਕੇ 5 ਦਿਨਾਂ ਵਿਚਾਲੇ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਕਿਹਾ ਕਿ ਸੀਐਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਬੇਹਦ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦਾ ਆਪਣਾ ਪਰਿਸਰ ਹੈ, ਉਥੇ ਅਜਿਹਾ ਕੰਮ ਕਰਨਾ ਨਿੰਦਣਯੋਗ ਹੈ। ਡੀਜੀਪੀ ਨੇ ਇਸ ਘਟਨਾ ਸਬੰਧੀ ਰਿਪੋਰਟ ਮੰਗੀ ਹੈ ਤੇ ਭੱਵਿਖ ਵਿੱਚ ਅਜਿਹੀ ਘਟਨਾਵਾਂ ਰੋਕਣ ਲਈ ਇਸ ਸਬੰਧੀ ਕਾਰਵਾਈ ਬਾਰੇ ਸੁਝਾਅ ਮੰਗੇ ਹਨ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਪੰਜਾਬ ਤੋਂ ਅਕਾਲੀ ਦਲ ਦੇ ਵਿਧਾਇਕਾਂ ਨੇ ਪਾਰਕਿੰਗ ਏਰੀਆਂ ਵਿੱਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਫੋਨ 'ਤੇ ਗੱਲਬਾਤ ਦੌਰਾਨ ਇਸ ਘਟਨਾ 'ਤੇ ਨਰਾਜ਼ਗੀ ਪ੍ਰਗਟਾਈ ਹੈ। ਇਸ ਤੋਂ ਇਲਾਵਾ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।