ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਤੱਕ 110 ਲੋਕਾਂ ਦੀ ਮੌਤ ਹੋ ਗਈ ਹੈ। ਵਿਰੋਧੀ ਧਿਰ ਪੰਜਾਬ ਸਰਕਾਰ ਦੀ ਕਾਰਵਾਈ 'ਤੇ ਸਵਾਲ ਚੁੱਕਣ ਤੋਂ ਪਿੱਛੇ ਨਹੀਂ ਹੱਟ ਰਿਹਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਟਵੀਟਰ 'ਤੇ ਵੀਡੀਓ ਜਾਰੀ ਕਰ ਕੈਪਟਨ ਸਰਕਾਰ 'ਤੇ ਨਿਸ਼ਾਨੇ ਵਿਨ੍ਹੇ ਹਨ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਕਾਂਗਰਸ 'ਚ ਇੱਕੋਂ ਸਿੱਕਾ ਚਲਦਾ ਹੈ, "ਮੈਂ ਆਪਣੀ ਲੁੱਟ ਕਰਾਂ ਤੂੰ ਆਪਣੀ ਲੁੱਟ ਕਰ, ਨਾ ਮੈਂ ਤੇਰੇ ਬਾਰੇ ਗੱਲ ਕਰਾਂ ਨਾ ਤੂੰ ਮੇਰੇ ਬਾਰੇ ਗੱਲ ਕਰੇ।" ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਰਨ ਕਿਨ੍ਹੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ ਕਿਨ੍ਹੇ ਹੀ ਲੋਕਾਂ ਦੇ ਘਰ ਉਜੜ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰ ਰਹੇ ਹਨ। ਪਰ ਜਿਨ੍ਹਾਂ ਫੈਕਟਰੀ ਮਾਲਕਾਂ ਤੇ ਕਾਂਗਰਸ ਆਗੂਆਂ ਦਾ ਨਾਂਅ ਸਾਹਮਣੇ ਆਇਆ ਹੈ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਅੰਮ੍ਰਿਤਸਰ ਦੁਸ਼ਹਿਰਾ ਰੇਲ ਹਾਦਸੇ ਨੂੰ ਯਾਦ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਘਟਨਾ ਨੂੰ ਤੀਜਾ ਸਾਲ ਹੋਣ ਵਾਲਾ ਹੈ ਪਰ ਹਲੇ ਤੱਕ ਉਨ੍ਹਾਂ ਨਿਰਦੋਸ਼ ਲੋਕਾਂ ਦੀਆਂ ਮੌਤਾਂ ਦਾ ਜਿੰਮੇਵਾਰ ਕਿਸੇ ਨੂੰ ਨਹੀਂ ਠਹਿਰਾਇਆ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਸ ਘਟਨਾ ਦੇ ਜਿੰਮੇਵਾਰ ਲੋਕਾਂ ਦੇ ਸਬੰਧ ਕਾਂਗਰਸ ਪਾਰਟੀ ਨਾਲ ਸਨ। ਉਨ੍ਹਾਂ ਸਵਾਲ ਕੀਤਾ ਹੈ, ਕੀ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵੀ ਅੰਮ੍ਰਿਤਸਰ ਦੁਸ਼ਹਿਰੇ ਰੇਲ ਹਾਦਸੇ ਵਾਂਗ ਹੀ ਲੀਪਾਪੋਤੀ ਕੀਤੀ ਜਾਵੇਗੀ। ਉਨ੍ਹਾਂ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਕਾਂਗਰਸ ਸਰਕਾਰ ਇੱਕ ਵਾਰ ਫਿਰ ਇਨਸਾਫ ਦੇਣ 'ਚ ਨਾਕਾਮ ਨਾ ਰਹਿ ਜਾਵੇ।