ਚੰਡੀਗੜ੍ਹ: ਸੂਬੇ ਵਿੱਚ ਨਸ਼ਿਆਂ ਦੇ ਨਾਲ-ਨਾਲ ਏਡਜ਼ (ਐੱਚਆਈਵੀ) ਕੇਸਾਂ 'ਚ ਹੋ ਰਹੇ ਖ਼ੌਫ਼ਨਾਕ ਵਾਧੇ 'ਤੇ ਚਿੰਤਾ ਪ੍ਰਗਟ ਕਰਦਿਆਂ ਆਪ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਸਰਕਾਰਾਂ ਅਜੇ ਵੀ ਨਹੀਂ ਜਾਗੀਆਂ ਤਾਂ ਇਸ ਦੇ ਖ਼ਤਰਨਾਕ ਨਤੀਜੇ ਨਿਕਲਣਗੇ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2013-14 'ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 'ਚ 8133 ਏਡਜ਼/ਐਚਆਈਵੀ ਕੇਸਾਂ ਦਾ ਸਾਹਮਣੇ ਆਉਣਾ ਖ਼ਤਰਨਾਕ ਭਵਿੱਖ ਦੀ ਪੁਸ਼ਟੀ ਕਰਦਾ ਹੈ।
ਇਹ ਵੀ ਪੜ੍ਹੋ: ਕਾਰਗਿਲ ਦੇ 20 ਸਾਲ: ਸ਼ਹੀਦ ਸੌਰਭ ਕਾਲੀਆ ਦੇ ਮਾਪਿਆਂ ਨੂੰ ਇਨਸਾਫ਼ ਦੀ ਉਡੀਕ
ਮਨੁੱਖੀ ਜੀਵਨ ਦੇ ਖ਼ਾਤਮੇ ਵੱਲ ਤੁਰ ਰਹੇ ਇਸ ਰੁਝਾਨ ਨੂੰ ਥੰਮ੍ਹਣ ਲਈ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਜੰਗੀ ਪੱਧਰ 'ਤੇ ਉਪਾਅ ਅਤੇ ਬਚਾਅ ਲਈ ਸ਼ਹਿਰ-ਮੁਹੱਲਾ ਤੇ ਪਿੰਡ-ਪਿੰਡ ਜਾ ਕੇ ਦਰਵਾਜ਼ੇ ਖੜਕਾਉਣੇ ਚਾਹੀਦੇ ਹਨ। ਤਾਂ ਕਿ ਏਡਜ਼ ਫੈਲਣ ਦੇ ਕਾਰਨਾਂ, ਬਚਾਅ ਦੇ ਢੰਗ ਤਰੀਕੇ ਅਤੇ ਜਾਨਲੇਵਾ ਅੰਜਾਮ ਬਾਰੇ ਜਾਗਰੂਕਤਾ ਵੰਡਣੀ ਪਵੇਗੀ। ਪੀੜਤ ਮਰੀਜ਼ਾਂ ਦੇ ਇਲਾਜ ਅਤੇ ਅਣਪਛਾਤੇ ਕੇਸਾਂ ਦੀ ਪਹਿਚਾਣ ਲਈ ਵਿਆਪਕ ਯੋਜਨਾ ਹੇਠਾਂ ਤੱਕ ਲਾਗੂ ਕਰਨੀ ਪਵੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਸਮਾਜ ਨੂੰ ਵੀ ਇੱਕਜੁੱਟਤਾ ਨਾਲ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ 5 ਸਾਲਾਂ ਦੇ ਏਡਜ਼ ਦਾ ਪ੍ਰਕੋਪ ਦੁੱਗਣਾ ਹੋਣ ਦੇ ਜੋ ਅੰਕੜੇ ਸਾਹਮਣੇ ਆਏ ਹਨ, ਇਹ ਲੰਘੇ ਵਿੱਤੀ ਵਰ੍ਹੇ ਦੇ ਹਨ, ਪਰੰਤੂ ਪਿਛਲੇ ਦੋ ਤਿੰਨ ਮਹੀਨਿਆਂ ਦੌਰਾਨ ਬਡਰੁੱਖਾ (ਸੰਗਰੂਰ) 'ਚ ਇੱਕ ਦਰਜਨ, ਬਰਨਾਲਾ 'ਚ 40 ਅਤੇ ਫ਼ਾਜ਼ਿਲਕਾ ਕਰੀਬ 60 ਨਵੇਂ ਕੇਸਾਂ ਦਾ ਸਾਹਮਣੇ ਆਉਣਾ ਹੋਰ ਵੀ ਘਾਤਕ ਹੈ।