ਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ ਅਤੇ ਕੈਬਿਨੇਟ ਮੰਤਰੀ ਵਿਚਾਲੇ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਬੁੱਧਵਾਰ ਨੂੰ ਹੋਈ ਕੈਬਿਨੇਟ ਦੀ ਮੀਟਿੰਗ ਵਿੱਚ ਸੁਲਝਾ ਲਿਆ ਗਿਆ ਹੈ।
ਸੈਕਟਰੀਏਟ ਵਿਖੇ ਹੋਈ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਕੋਈ ਵਿਵਾਦ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਸਿਰਫ਼ ਆਮ ਲੋਕਾਂ, ਸਰਪੰਚਾਂ ਅਤੇ ਪੰਚਾਂ ਦੀ ਲੜਾਈ ਸੀ।
ਚੰਨੀ ਨੇ ਕਿਹਾ ਕਿ ਜੇਕਰ ਅਫ਼ਸਰ ਲੋਕਾਂ ਦੇ ਚੁਣੇ ਹੇਏ ਨੁਮਾਇੰਦਿਆਂ ਦੀ ਇੱਜ਼ਤ ਨਹੀਂ ਕਰਨਗੇ ਤਾਂ ਇਸ ਲੋਕਤੰਤਰ ਦੇ ਵਿੱਚ ਉਨ੍ਹਾਂ ਦੇ ਮੰਤਰੀ ਹੋਣ ਦਾ ਕੀ ਫਾਇਦਾ ਹੈ? ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਪੂਰੇ ਮੰਤਰੀ ਮੰਡਲ ਕੋਲੋਂ ਮੁਆਫੀ ਮੰਗੀ ਹੈ।
ਦੂਜੇ ਪਾਸੇ ਹਲਕਾ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਵੱਲੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਉਨ੍ਹਾਂ ਨੂੰ ਧਮਕੀ ਦੇਣ ਦੇ ਦੋਸ਼ ਲਗਾਉਣ ਸਬੰਧੀ ਕੀਤੇ ਸਵਾਲ ਨੂੰ ਟਾਲ਼ਦਿਆਂ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁੱਖ ਸਕੱਤਰ ਦਾ ਵਿਵਾਦ ਖ਼ਤਮ ਕਰਵਾ ਦਿੱਤਾ ਹੈ ਤਾਂ ਪੁਰਾਣੀਆਂ ਗੱਲਾਂ ਦਾ ਵੀ ਕੋਈ ਫਾਇਦਾ ਨਹੀਂ।