ਚੰਡੀਗੜ੍ਹ : ਕੋਰੋਨਾ ਵਾਇਰਸ (Corona Virus) ਨੂੰ ਲੈ ਕੇ ਤੀਜੀ ਲਹਿਰ (3rd Wave) 'ਤੇ ਪੀ.ਜੀ.ਆਈ.ਐੱਮ.ਈ.ਆਰ.(PGIMER) ਦੀ ਇਕ ਰਿਪੋਰਟ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਨਿਊਜ਼ ਵੈੱਬਸਾਈਟਾਂ 'ਚ ਲੱਗੀਆਂ ਖਬਰਾਂ ਮੁਤਾਬਕ ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਬੱਚਿਆਂ 'ਤੇ ਕੋਈ ਬਹੁਤਾ ਅਸਰ ਨਹੀਂ ਹੋਵੇਗਾ ਕਿਉਂਕਿ 71 ਫੀਸਦੀ ਬੱਚਿਆਂ ਵਿਚ ਪਹਿਲਾਂ ਤੋਂ ਹੀ ਐਂਡੀਬਾਡੀਜ਼ ਮੌਜੂਦ ਹੈ, ਜਿਸ ਕਾਰਨ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਬਹੁਤਾ ਅਸਰ ਨਹੀਂ ਹੋਵੇਗਾ।
ਪੀ.ਜੀ.ਆਈ.ਐੱਮ.ਈ.ਆਰ. ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਲੈ ਕੇ ਇਕ ਸੀਰੋ ਸਰਵੇ ਕਰਵਾਇਆ ਗਿਆ ਹੈ। ਸਰਵੇ ਮੁਤਾਬਕ 71 ਫੀਸਦੀ ਬੱਚਿਆਂ ਵਿਚ ਐਂਟੀਬਾਡੀਜ਼ ਪਹਿਲਾਂ ਤੋਂ ਹੀ ਮੌਜੂਦ ਹੈ, ਜਿਸ ਕਾਰਣ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਬੱਚਿਆਂ 'ਤੇ ਕੋਈ ਬਹੁਤਾ ਅਸਰ ਨਹੀਂ ਹੋਵੇਗਾ। ਸੀਰੋ ਸਰਵੇ ਮੁਤਾਬਕ 2700 ਬੱਚਿਆਂ ਦੇ ਨਮੂਨੇ ਲਏ ਗਏ ਸਨ। ਇਹ ਨਮੂਨੇ ਚੰਡੀਗੜ੍ਹ ਦੇ ਪੇਂਡੂ ਖੇਤਰਾਂ, ਸ਼ਹਿਰੀ ਖੇਤਰਾਂ ਅਤੇ ਸਲੱਮ ਏਰੀਆ ਤੋਂ ਲਏ ਗਏ ਸਨ।
ਇਸ ਦੌਰਾਨ ਡਾ. ਜਗਤ ਰਾਮ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਾਡੇ ਕੋਲ ਅਜੇ ਤੱਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ ਬੱਚਿਆਂ ਨੂੰ ਲਗਾਉਣ ਲਈ ਵੈਕਸੀਨ ਮੁਹੱਈਆ ਨਹੀਂ ਹੈ ਪਰ ਇਸ ਸਰਵੇ ਤੋਂ ਸਾਫ ਹੋ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵਿਰੁੱਧ ਬੱਚਿਆਂ ਵਿਚ ਪਹਿਲਾਂ ਤੋਂ ਮੌਜੂਦ ਇਮੀਨਿਊਨਿਟੀ ਉਨ੍ਹਾਂ ਦਾ ਬਚਾਅ ਕਰੇਗੀ।
ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਇੰਝ ਲੱਗ ਰਿਹਾ ਸੀ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਆਉਣ ਵਿਚ ਅਜੇ ਕੁਝ ਸਮਾਂ ਲੱਗੇਗਾ। ਵੱਡੇ ਲੋਕਾਂ ਵਿਚ ਅਜੇ ਵੀ ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਹੈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦੋਵੇਂ ਵੈਕਸੀਨ ਦੀਆਂ ਡੋਜ਼ ਲਗਵਾ ਲੈਣ ਤਾਂ ਜੋ ਕੋਰੋਨਾ ਨਾਲ ਲੜਾਈ ਲਈ ਹਰਡ ਇਮਿਊਨਿਟੀ ਬਣਾਈ ਜਾ ਸਕੇ।
ਡਾ. ਜਗਤ ਰਾਮ ਨੇ ਦੱਸਿਆ ਕਿ ਮਹਾਰਾਸ਼ਟਰ ਅਤੇ ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਲੈ ਕੇ ਸੀਰੋ ਸਰਵੇ ਕੀਤਾ ਗਿਆ ਹੈ, ਜਿਸ ਵਿਚ 50 ਤੋਂ 70 ਫੀਸਦੀ ਬੱਚਿਆਂ ਵਿਚ ਐਂਡੀਬਾਡੀ ਪਾਇਆ ਗਿਆ ਹੈ। ਇਸ ਕਾਰਣ ਤੀਜੀ ਲਹਿਰ ਦੀ ਮਾਰ ਤੋਂ ਬੱਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- Assembly Elections 2022: ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...