ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦੇ ਨੀਟ ਦੀ ਪ੍ਰੀਖਿਆ ਹੋਣ ਨਾਲ ਜਿੱਥੇ ਪ੍ਰੀਖਿਆਰਥੀ ਦਬਾਅ ਵਿੱਚ ਨੀਟ ਦਾ ਇਮਤਿਹਾਨ ਦੇ ਰਹੇ ਹਨ। ਉੱਥੇ ਹੀ ਪ੍ਰੀਖਿਆਰਥੀਆਂ ਦੇ ਮਾਪਿਆਂ ਨੂੰ ਨੀਟ ਦਾ ਇਮਤਿਹਾਨ ਦਵਾਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਪ੍ਰੀਖਿਆਰਥੀ ਦੇ ਪਿਤਾ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਕੁੜੀ ਦਾ ਨੀਟ ਦਾ ਇਮਤਿਹਾਨ ਦਵਾਉਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਦੇ ਵਸਨੀਕ ਹਨ ਤੇ ਉਨ੍ਹਾਂ ਦੇ ਬੱਚੇ ਦਾ ਮੋਹਾਲੀ ਵਿੱਚ ਹੀ ਨੀਟ ਇਮਤਿਹਾਨ ਦਾ ਸੈਂਟਰ ਬਣਿਆ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪ੍ਰੀਖਿਆਰਥੀ ਮੋਹਾਲੀ ਵਿੱਚ ਨੀਟ ਇਮਤਿਹਾਨ ਦੇਣ ਲਈ ਹਿਮਾਚਲ, ਹਰਿਆਣਾ ਤੇ ਹੋਰ ਦੂਜੇ ਸੂਬਿਆਂ ਤੋਂ ਕਾਫ਼ੀ ਲੰਬਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰੀਖਿਆਰਥੀ ਦੂਰ ਦੁਰਾਡੇ ਤੋਂ ਆਏ ਹਨ ਉਨ੍ਹਾਂ ਨਾਲ ਉਨ੍ਹਾਂ ਦੇ ਮਾਪੇ ਹਨ ਜਿਹੜੇ ਕਿ ਸੈਂਟਰ ਦੇ ਬਾਹਰ ਬੈਠਣ ਲਈ ਮਜ਼ਬੂਰ ਹਨ ਪਰ ਸੈਂਟਰ ਦੇ ਬਾਹਰ ਨਾ ਤਾਂ ਕੁਝ ਖਾਣ-ਪੀਣ ਦਾ ਪ੍ਰਬੰਧ, ਨਾ ਹੀ ਉੱਥੇ ਬੈਠਣ ਦਾ ਪ੍ਰਬੰਧ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਉਹ ਨੀਟ ਦੇ ਪ੍ਰੀਖਿਆਰਥੀਆਂ ਦਾ ਸੈਂਟਰ ਉਨ੍ਹਾਂ ਦੇ ਨੇੜੇ ਹੀ ਬਣਾਉਂਦੇ ਤਾਂ ਜੋ ਉਨ੍ਹਾਂ ਨੂੰ ਆਉਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੁੰਦੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਨੀਟ ਦੀ ਪ੍ਰੀਖਿਆ ਦੇ ਹੋਣ ਨਾਲ ਉਨ੍ਹਾਂ ਦੇ ਬੱਚੇ ਕਾਫੀ ਦਬਾਅ ਵਿੱਚ ਇਮਤਿਹਾਨ ਦੇ ਰਹੇ ਹਨ।
ਪ੍ਰੀਖਿਆਰਥੀ ਦੇ ਪਿਤਾ ਕ੍ਰਿਸ਼ਨ ਪਾਲ ਨੇ ਕਿਹਾ ਕਿ ਉਹ ਹਰਿਆਣਾ ਤੋਂ ਮੋਹਾਲੀ ਆਪਣੇ ਮੁੰਡੇ ਦਾ ਨੀਟ ਦਾ ਇਮਤਿਹਾਨ ਦਵਾਉਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੀਟ ਇਮਤਿਹਾਨ ਦੇ ਸੈਂਟਰ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਮਹਾਂਮਾਰੀ ਕਰਕੇ ਹਰਿਆਣਾ ਤੋਂ ਚੰਡੀਗੜ੍ਹ ਕੋਈ ਬੱਸ ਨਹੀਂ ਆਉਂਦੀ ਜਿਸ ਕਰਕੇ ਉਨ੍ਹਾਂ ਨੂੰ ਕੈਬ ਕਰਨੀ ਪਈ ਜੋ ਕਿ ਕਾਫੀ ਮਹਿੰਗੀ ਪਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਖ਼ਾਸ ਤੌਰ ਉੱਤੇ ਕੋਵਿਡ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਜੋ ਵਿਦਿਆਰਥੀ ਪੇਪਰ ਦੇਣਗੇ ਉਨ੍ਹਾਂ ਦਾ ਸੈਂਟਰ ਸੋ ਕਿਲੋਮੀਟਰ ਦੇ ਆਸ-ਪਾਸ ਹੀ ਬਣਾਇਆ ਜਾਂਦਾ ਜਿਸ ਨਾਲ ਪ੍ਰੀਖਿਆਰਥੀਆਂ ਨੂੰ ਸਹੂਲਤ ਰਹਿੰਦੀ।
ਇਹ ਵੀ ਪੜ੍ਹੋ:ਮੁੰਬਈ ਤੋਂ ਪਰਤੀ ਕੰਗਨਾ, ਸ਼ਿਵ ਸੈਨਾ ਨੂੰ ਚੁਣੌਤੀ ਦਿੰਦੇ ਬੋਲੀ- ਮੈਨੂੰ ਕਮਜ਼ੋਰ ਨਾ ਸਮਝਣਾ