ਚੰਡੀਗੜ੍ਹ: ਕਾਂਗਰਸ ਦੀ ਸੀਨੀਅਰ ਲੀਡਰ ਰਾਜਿੰਦਰ ਕੌਰ ਭੱਠਲ ਵੱਲੋਂ ਪ੍ਰੈੱਸ ਵਾਰਤਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਤਿੰਨ ਮੈਂਬਰੀ ਪੈਨਲ ਕੋਲ ਕਾਂਗਰਸ ਦਾ ਕਲੇਸ਼ ਜਲਦ ਤੋਂ ਜਲਦ ਖਤਮ ਕਰਵਾਉਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਾਈ ਕਮਾਨ ਚਿੰਤਿਤ ਹੈ।
ਇਸ ਦੌਰਾਨ ਭੱਠਲ ਨੇ ਵੀ ਕਿਹਾ ਕਿ ਸੀਨੀਅਰ ਲੀਡਰ ਅਤੇ ਨੌਜਵਾਨ ਲੀਡਰਾਂ ਦੀ ਨੀਅਤ ਵਿੱਚ ਕੋਈ ਖਰਾਬੀ ਨਹੀਂ ਹੈ। ਕੋਰੋਨਾ ਵਾਇਰਸ ਕਾਰਨ ਸਰਕਾਰ ਵਾਅਦੇ ਪੂਰੇ ਨਹੀਂ ਕਰ ਸਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ‘ਚ ਆਏ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਰਕਾਰ ਵਿੱਚ ਅਫ਼ਸਰਸ਼ਾਹੀ ਹਾਵੀ ਹੋਣ ਦੇ ਮਾਮਲੇ ਪਾਰਟੀ ਪਲੇਟਫਾਰਮ ’ਤੇ ਚੁੱਕੇ ਜਾਂਦੇ ਹਨ ।
ਕਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕੈਪਟਨ ਖ਼ਿਲਾਫ਼ ਖੋਲ੍ਹਿਆ ਸੀ ਮੋਰਚਾ
ਗੌਰਤਲੱਬ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ 2007 ਵਿਚ ਮੋਰਚਾ ਖੋਲ੍ਹਣ ਵਾਲੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਿਰਫ਼ ਵਿਚਾਰਧਾਰਾ ਅਤੇ ਓਪੀਨੀਅਨ ਦਾ ਫ਼ਰਕ ਹੁੰਦਾ ਹੈ। ਉਨ੍ਹਾਂ ਸਾਫ਼ ਕਰਦਿਆਂ ਕਿਹਾ ਕਿ ਉਨ੍ਹਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਜੋ ਮਤਭੇਦ ਸਨ, ਉਹ ਹੁਣ ਹੱਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਸਿਆਸਤ ਕੁਝ ਅਲੱਗ ਤਰੀਕੇ ਨਾਲ ਹੁੰਦੀ ਸੀ ਅਤੇ ਅੱਜ ਦੀ ਸਿਆਸਤ ਕੁਝ ਅਲੱਗ ਤਰੀਕੇ ਦੀ।
ਕੈਪਟਨ ਨੇ ਆਪਣੇ ਪਿਛਲੇ ਸਾਸ਼ਨ ਕਾਲ ਦੌਰਾਨ ਬਾਦਲਾਂ ਨੂੰ ਡੱਕਿਆ ਸੀ ਜੇਲ੍ਹ ’ਚ
ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿੱਚ ਰਲੇ ਹੋਏ ਹਨ। ਇਸ ਦਾ ਜਵਾਬ ਦਿੰਦਿਆਂ ਭੱਠਲ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਉੱਪਰ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਇਹ ਵੀ ਬਾਦਲਾਂ ਨਾਲ ਰਲੇ ਹੋਏ ਹਨ, ਜਦੋਂ ਪਿਛਲੀ ਵਾਰ ਬਾਦਲਾਂ ਨੂੰ ਜੇਲ੍ਹ ਵਿਚ ਡੱਕਿਆ ਸੀ ਤਾਂ ਉਦੋਂ ਕੀ ਹੋ ਗਿਆ ਉਦੋਂ ਵੀ ਉਹ ਇੱਕ ਦਿਨ ’ਚ ਬਾਅਦ ਬਾਹਰ ਆ ਗਏ ਸਨ।
ਪਰਿਵਾਰਾਂ ’ਚ ਛੋਟੇ ਮੋਟੇ ਝਗੜੇ ਚੱਲਦੇ ਰਹਿੰਦੇ ਹਨ: ਭੱਠਲ
ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਭੱਠਲ ਨੇ ਕਿਹਾ ਕਿ ਪਰਿਵਾਰ ਵਿੱਚ ਝਗੜੇ ਹੁੰਦੇ ਰਹਿੰਦੇ ਹਨ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸੀ ਐਨਰਜੈਟਿਕ ਲੀਡਰ ਹਨ ਹਾਲਾਂਕਿ ਜਦੋਂ ਭੱਠਲ ਨੂੰ ਪੁੱਛਿਆ ਗਿਆ ਕਿ ਨਵਜੋਤ ਕੌਰ ਸਿੱਧੂ ਅਤੇ ਪਰਨੀਤ ਕੌਰ ਦੀ ਟਵਿੱਟਰ ਵਾਰ ਸ਼ੁਰੂ ਹੋ ਚੁੱਕੀ ਹੈ ਤਾਂ ਉਸ ਦੇ ਜਵਾਬ ਵਿੱਚ ਭੱਠਲ ਨੇ ਕਿਹਾ ਕਿ ਜਿੱਥੇ ਚਾਰ ਭਾਂਡੇ ਹੁੰਦੇ ਹਨ ਉਹ ਖੜਕਦੇ ਹੀ ਹਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਕਲੇਸ਼: 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਦਿੱਲੀ ਪੰਹੁਚੇ ਕੈਪਟਨ ਅਮਰਿੰਦਰ ਸਿੰਘ